ਸਰਕਾਰੀ ਜ਼ਮੀਨਾਂ ਵਿੱਚੋਂ ਬਿਨਾ ਅਸੈਸਮੈਂਟ ਕਰਵਾਏ ਰੁੱਖਾਂ ਦੀ ਕਟਾਈ/ਨਿਲਾਮੀ ਨਾ ਕਰਵਾਈ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸੂਬੇ ਭਰ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਰੁੱਖਾਂ ਦੀ ਨਜਾਇਜ਼ ਕਟਾਈ/ਨਿਲਾਮੀ ਸੰਬੰਧੀ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਗੈਰਕਾਨੂੰਨੀ ਪ੍ਰਥਾ ਨੂੰ ਨਕੇਲ ਪਾਉਣ ਲਈ ਕਿਹਾ ਹੈ। ਇਸ ਸੰਬੰਧੀ ਵਿਭਾਗ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਪੰਚਾਇਤਾਂ, ਸਕੂਲਾਂ ਅਤੇ ਹੋਰ ਅਦਾਰਿਆਂ ਵੱਲੋਂ ਬਿਨਾ ਅਸੈਸਮੈਂਟ ਕਰਵਾਏ ਰੁੱਖਾਂ ਦੀ ਕਟਾਈ/ਨਿਲਾਮੀ ਕਰਵਾ ਲਈ ਜਾਂਦੀ ਹੈ, ਜੋ ਕਿ ਗੈਰਕਾਨੂੰਨੀ ਪ੍ਰਥਾ ਹੈ ਅਤੇ ਇਸ ਨੂੰ ਤੁਰੰਤ ਰੋਕਣ ਦੀ ਲੋੜ ਹੈ। ਉਨਾਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਰੁੱਖਾਂ ਦੀ ਕਟਾਈ/ਨਿਲਾਮੀ ਕਰਾਉਣ ਤੋਂ ਪਹਿਲਾਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਤੋਂ ਲੋੜੀਂਦੀ ਅਸੈਸਮੈਂਟ ਕਰਵਾਉਣ ਅਤੇ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲੈਣ ਉਪਰੰਤ ਹੀ ਰੁੱਖਾਂ ਦੀ ਕਟਾਈ/ਨਿਲਾਮੀ ਆਦਿ ਕਰਵਾਈ ਜਾਵੇ।