ਏਅਰ ਇੰਡੀਆ ਵੱਲੋਂ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ

5 ਜੀ ਸੇਵਾ ਬਣਦੀ ਹੈ ਏਅਰਲਾਈਨ ਲਈ ਰੁਕਾਵਟ  

ਨਵੀਂ ਦਿੱਲੀ , 20 ਜਨਵਰੀ (ਏਜੰਸੀ ) ਅਮਰੀਕੀ ਅਥਾਰਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਏਅਰ ਇੰਡੀਆ ਨੇ ਅੱਜ ਅਮਰੀਕਾ ਲਈ ਬੀ777 ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ।ਦੱਸਣਯੋਗ ਹੈ ਕਿ 5ਜੀ ਸੇਵਾ ਵਿਰੁੱਧ ਏਅਰ ਇੰਡੀਆ ਵੱਲੋਂ ਹੁਣ ਤੱਕ ਅਮਰੀਕਾ ਲਈ 8 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਏਅਰ ਇੰਡੀਆ ਨੇ ਟਵੀਟ ਕੀਤਾ ਸੀ ਕਿ ਲੰਘੇ ਬੁੱਧਵਾਰ ਨੂੰ ਉਸ ਦੀਆਂ ਦਿੱਲੀ-ਨਿਊਯਾਰਕ, ਦਿੱਲੀ-ਸਾਨ ਫਰਾਂਸਿਸਕੋ, ਦਿੱਲੀ-ਸ਼ਿਕਾਗੋ, ਮੁੰਬਈ-ਨਿਊਜਰਸੀ ਉਡਾਣਾਂ ਨਹੀਂ ਚੱਲਣਗੀਆਂ। ਇਸ ਤੋਂ ਇਲਾਵਾ ਏਅਰਲਾਈਨ ਨੇ ਦਿੱਲੀ ਤੋਂ ਵਾਸ਼ਿੰਗਟਨ ਦੀ ਫਲਾਈਟ ਨੂੰ ਰੀ-ਸ਼ਡਿਊਲ ਕਰਨ ਦੀ ਗੱਲ ਵੀ ਕਹੀ ਸੀ।ਏਅਰ ਇੰਡੀਆ ਨੇ ਉਡਾਣਾਂ ਰੱਦ ਕਰਨ ਦਾ ਫੈਸਲਾ ਇਸ ਲਈ ਲਿਆ ਸੀ ਕਿਉਂਕਿ 5ਜੀ ਨੈੱਟਵਰਕ ਜਹਾਜ਼ਾਂ ਦੀ ਸੰਚਾਰ ਪ੍ਰਣਾਲੀ ਵਿੱਚ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਕਈ ਹੋਰ ਏਅਰਲਾਈਨਾਂ ਦਾ ਵੀ ਇਹ ਕਹਿਣਾ ਹੈ ਕਿ 5ਜੀ ਤਕਨੀਕ ਏਅਰਪੋਰਟ ਦੇ ਆਲੇ-ਦੁਆਲੇ ਖਤਰਨਾਕ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਦੇ ਮੱਦੇਨਜ਼ਰ 5ਜੀ ਤਕਨੀਕ ਨੂੰ ਰਨਵੇ ਤੋਂ ਦੋ ਮੀਲ ਦੀ ਦੂਰੀ 'ਤੇ ਰੱਖਿਆ ਜਾਣਾ ਚਾਹੀਦਾ ਹੈ।