27 ਜਨਵਰੀ ਤੋਂ 24X7 ਖੁੱਲ੍ਹਾ ਰਹੇਗਾ ਮੁੰਬਈ

ਮੁੰਬਈ,ਜਨਵਰੀ 2020-(ਏਜੰਸੀ)  

ਮਹਾਰਾਸ਼ਟਰ ਕੈਬਨਿਟ ਨੇ ‘ਮੁੰਬਈ 24 ਘੰਟੇ’ ਪਾਲਿਸੀ ਨੂੰ ਅੱਜ ਹਰੀ ਝੰਡੀ ਦੇ ਦਿੱਤੀ। ਇਸ ਨਵੀਂ ਪਾਲਿਸੀ ਤਹਿਤ 27 ਜਨਵਰੀ ਤੋਂ ਮੁੰਬਈ ਵਿਚਲੇ ਸਾਰੇ ਮਾਲ, ਮਲਟੀਪਲੈਕਸ ਤੇ ਹੋਰ ਦੁਕਾਨਾਂ ਹਫ਼ਤੇ ਦੇ ਸੱਤ ਦਿਨ 24 ਘੰੰਟੇ ਖੁੱਲ੍ਹੇ ਰਹਿਣਗੇ। ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਅਦਿੱਤਿਆ ਠਾਕਰੇ ਨੇ ਕੈਬਨਿਟ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਇਸ ਫ਼ੈਸਲੇ ਨਾਲ ਵਧੇਰੇ ਮਾਲੀਆ ਤੇ ਰੁਜ਼ਗਾਰ ਪੈਦਾ ਕਰਨ ਵਿੱਚ ਮਦਦ ਮਿਲੇਗੀ। ਆਦਿੱਤਿਆ ਨੇ ਇਸ ਮੌਕੇ ਲੰਡਨ ਦੀ ‘ਨਾਈਟ ਇਕਾਨੋਮੀ’ (ਰਾਤ ਦੇ ਅਰਥਚਾਰੇ) ਦਾ ਵੀ ਹਵਾਲਾ ਦਿੱਤਾ, ਜੋ ਲਗਪਗ 5 ਅਰਬ ਪੌਂਡ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੇਵਾ ਖੇਤਰ ਵਿੱਚ ਕੰਮ ਕਰ ਰਹੇ ਮੌਜੂਦਾ ਪੰਜ ਲੱਖ ਲੋਕਾਂ ਨੂੰ ਵੀ ਲਾਹਾ ਮਿਲੇਗਾ। ਉਂਜ ਉਨ੍ਹਾਂ ਸਾਫ਼ ਕਰ ਦਿੱਤਾ ਕਿ ਦੁਕਾਨਾਂ, ਮਾਲ ਤੇ ਈਟਰੀਜ਼ ਨੂੰ ਰਾਤ ਸਮੇਂ ਖੋਲ੍ਹਣ ਦਾ ਫੈਸਲਾ ਲਾਜ਼ਮੀ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘ਸਿਰਫ਼ ਉਹੀ ਲੋਕ ਜਿਨ੍ਹਾਂ ਨੂੰ ਲਗਦਾ ਹੈ ਕਿ ਉਹ ਚੰਗਾ ਕਾਰੋਬਾਰ ਕਰ ਸਕਦੇ ਹਨ, ਸਾਰੀ ਰਾਤ ਆਪਣੀਆਂ ਦੁਕਾਨਾਂ ਤੇ ਹੋਰ ਸੰਸਥਾਨਾਂ ਨੂੰ ਖੋਲ੍ਹ ਕੇ ਰੱਖ ਸਕਦੇ ਹਨ।’ ਉਂਜ ਪਹਿਲੇ ਗੇੜ ਵਿੱਚ ਗੈਰ-ਰਿਹਾਇਸ਼ੀ ਇਲਾਕਿਆਂ ਵਿਚਲੀਆਂ ਦੁਕਾਨਾਂ, ਮਾਲ ਵਿਚਲੀਆਂ ਈਟਰੀਜ਼ ਤੇ ਥੀਏਟਰਾਂ ਅਤੇ ਮਿੱਲ ਅਹਾਤਿਆਂ ਨੂੰ ਹੀ 24 ਘੰਟੇ ਖੁੱਲ੍ਹਾ ਰੱਖਣ ਦੀ ਇਜਾਜ਼ਤ ਹੋਵੇਗੀ। ਆਦਿੱਤਿਆ ਨੇ ਕਿਹਾ ਕਿ ਆਬਕਾਰੀ ਨੇਮਾਂ ਨੂੰ ਨਹੀਂ ਛੇੜਿਆ ਗਿਆ ਹੈ।