ਵਿਆਹਾਂ-ਸ਼ਾਦੀਆਂ ਅਤੇ ਹੋਰਨਾਂ ਸਮਾਗਮਾਂ ’ਤੇ ਫਾਇਰ ਆਰਮਜ਼ ਚਲਾਉਣ ’ਤੇ ਮੁਕੰਮਲ ਪਾਬੰਦੀ

ਪੈਲੇਸਾਂ ਅਤੇ ਹੋਟਲਾਂ ’ਚ ਅਸਲਾ ਅਤੇ ਹਥਿਆਰ ਲਿਜਾਣ ਦੀ ਮਨਾਹੀ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਨਵ ਜੀਵਨ ਦੀ ਸੁਰੱਖਿਆ ਲਈ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ ’ਤੇ ਫਾਇਰ ਆਰਮਜ਼ ਆਦਿ ਚਲਾਉਣ ਅਤੇ ਇਸ ਜ਼ਿਲੇ ਦੀ ਹਦੂਦ ਅੰਦਰ ਸਾਰੇ ਮੈਰਿਜ ਪੈਲੇਸਾਂ, ਹੋਟਲਾਂ ਅਤੇ ਹੋਰ ਅਜਿਹੀਆਂ ਥਾਵਾਂ ਜਿਥੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮ ਕੀਤੇ ਜਾਂਦੇ ਹਨ, ਵਿਚ ਫਾਇਰ ਆਰਮਜ਼ ਦੀ ਵਰਤੋਂ ਕਰਨ ਅਤੇ ਲਾਇਸੰਸੀ/ਗੈਰ ਲਾਇਸੰਸੀ ਅਸਲਾ ਅਤੇ ਹੋਰ ਮਾਨਵ ਜੀਵਨ ਲਈ ਘਾਤਕ ਹਰੇਕ ਤਰਾਂ ਦੇ ਹਥਿਆਰ ਲੈ ਕੇ ਜਾਣ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 16 ਮਾਰਚ 2020 ਤੱਕ ਲਾਗੂ ਰਹਿਣਗੇ। 

ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲਾ ਕਪੂਰਥਲਾ ਵਿਖੇ ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ ’ਤੇ ਆਰਮਜ਼/ਹਥਿਆਰ ਚਲਾਏ ਜਾਂਦੇ ਹਨ ਅਤੇ ਇਸ ਜ਼ਿਲੇ ਦੀ ਹਦੂਦ ਅੰਦਰ ਸਾਰੇ ਮੈਰਿਜ ਪੈਲੇਸਾਂ/ਹੋਟਲਾਂ ਵਿਚ ਫਾਇਰ ਆਰਮ ਦੀ ਵਰਤੋਂ ਖੁੱਲੇਆਮ ਕੀਤੀ ਜਾ ਰਹੀ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਕਾਰਨ ਕਈ ਵਾਰ ਮਾਨਵ ਜੀਵਨ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ। ਅਮਨ-ਕਾਨੂੰਨ ਬਰਕਰਾਰ ਰੱਖਣ ਅਤੇ ਮਾਨਵ ਜੀਵਨ ਦੀ ਸੁਰੱਖਿਆ ਲਈ ਇਸ ਜ਼ਿਲੇ ਦੀ ਹਦੂਦ ਅੰਦਰ ਇਨਾਂ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਹੈ।  

ਫੋਟੋ : ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।