You are here

ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਡੇਗਿਆ, ਪਾਇਲਟ ਫੜਿਆ

ਨਵੀਂ ਦਿੱਲੀ, 27 ਫਰਵਰੀ ਭਾਰਤ ਨੇ ਪਾਕਿਸਤਾਨੀ ਹਵਾਈ ਫ਼ੌਜ ਦੇ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦਿਆਂ ਨੂੰ ਅੱਜ ਨਾਕਾਮ ਕਰ ਦਿੱਤਾ। ਹਵਾਈ ਟਾਕਰੇ ਦੌਰਾਨ ਭਾਰਤ ਨੇ ਜਿੱਥੇ ਪਾਕਿਸਤਾਨ ਦੇ ਐਫ਼16 ਜਹਾਜ਼ ਨੂੰ ਡੇਗ ਦਿੱਤਾ, ਉਥੇ ਉਹਦਾ ਆਪਣਾ ਇਕ ਮਿੱਗ (ਐਮਆਈਜੀ) ਲੜਾਕੂ ਜਹਾਜ਼ ਵੀ ਨੁਕਸਾਨਿਆ ਗਿਆ। ਜਹਾਜ਼ ਦਾ ਪਾਇਲਟ ਅਭਿਨੰਦਨ ਵਰਤਮਾਨ ਜਿਸ ਨੂੰ ਪਹਿਲਾਂ ਲਾਪਤਾ ਦੱਸਿਆ ਗਿਆ ਸੀ, ਇਸ ਵੇਲੇ ਪਾਕਿਸਤਾਨੀ ਫੌਜ ਦੀ ਹਿਰਾਸਤ ਵਿੱਚ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਏਅਰ ਵਾਈਸ ਮਾਰਸ਼ਲ ਆਰ.ਜੀ.ਕੇ.ਕਪੂਰ ਦੀ ਹਾਜ਼ਰੀ ਵਿੱਚ ਜਾਰੀ ਕੀਤੇ ਸੰਖੇਪ ਬਿਆਨ ਵਿੱਚ ਪਾਇਲਟ ਨੂੰ ਲਾਪਤਾ ਦੱਸਿਆ ਸੀ, ਪਰ ਪਾਕਿਸਤਾਨ ਵੱਲੋਂ ਭਾਰਤੀ ਪਾਇਲਟ ਦੀਆਂ ਤਸਵੀਰਾਂ ਨਸ਼ਰ ਕੀਤੇ ਜਾਣ ਮਗਰੋਂ ਸਪਸ਼ਟ ਹੋ ਗਿਆ ਕਿ ਉਹ ਗੁਆਂਢੀ ਮੁਲਕ ਦੀ ਹਿਰਾਸਤ ਵਿੱਚ ਹੈ। ਕੁਮਾਰ ਨੇ ਕਿਹਾ ਕਿ ਭਾਰਤ ਵੱਲੋਂ ਅਤਿਵਾਦ ਖ਼ਿਲਾਫ਼ ਵਿੱਢੇ ਅਪਰੇਸ਼ਨ ਤੋਂ ਇਕ ਦਿਨ ਮਗਰੋਂ ਪਾਕਿਸਤਾਨ ਨੇ ਅੱਜ ਸਵੇਰੇ ਦਸ ਵਜੇ ਦੇ ਕਰੀਬ (ਲਗਪਗ 9:58 ਵਜੇ) ਆਪਣੀ ਹਵਾਈ ਫੌਜ ਰਾਹੀਂ ਭਾਰਤ ਵਾਲੇ ਪਾਸੇ ਪੁਣਛ ਤੇ ਨੌਸ਼ਹਿਰਾ ਸੈਕਟਰਾਂ ਵਿੱਚ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਤਰਜਮਾਨ ਨੇ ਕਿਹਾ ਕਿ ਭਾਰਤ ਨੇ ਆਪਣੀ ਪੂਰੀ ਤਿਆਰੀ ਤੇ ਚੌਕਸੀ ਦੇ ਚਲਦਿਆਂ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਕੁਮਾਰ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਜਿਉਂ ਹੀ ਅਸਮਾਨ ਵਿੱਚ ਪਾਕਿ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੀ ਨਕਲੋ ਹਰਕਤ ਵੇਖੀ ਤਾਂ ਫ਼ੌਰੀ ਇਸ ਦਾ ਢੁੱਕਵਾਂ ਜਵਾਬ ਦਿੱਤਾ। ਤਰਜਮਾਨ ਨੇ ਕਿਹਾ, ‘ਹਵਾਈ ਟਕਰਾਅ ਦੌਰਾਨ ਭਾਰਤੀ ਹਵਾਈ ਫੌਜ ਦੇ ਮਿੱਗ 21 ਬਾਇਸਨ ਲੜਾਕੂ ਜਹਾਜ਼ ਨੇ ਪਾਕਿਸਤਾਨੀ ਹਵਾਈ ਫੌਜ ਦੇ ਐਫ16 ਲੜਾਕੂ ਜਹਾਜ਼ ਨੂੰ ਹੇਠਾਂ ਸੁੱਟ ਲਿਆ। ਜ਼ਮੀਨ ’ਤੇ ਮੌਜੂਦ ਸੁਰੱਖਿਆ ਬਲਾਂ ਨੇ ਜਹਾਜ਼ ਨੂੰ ਪਾਕਿਸਤਾਨ ਵਾਲੇ ਪਾਸੇ ਮਕਬੂਜ਼ਾ ਕਸ਼ਮੀਰ ਵਿੱਚ ਡਿੱਗਦਿਆਂ ਅੱਖੀਂ ਵੇਖਿਆ। ਮੰਦੇ ਭਾਗਾਂ ਨੂੰ ਇਸ ਟਕਰਾਅ ਦੌਰਾਨ ਸਾਡਾ ਇਕ ਮਿੱਗ 21 ਵੀ ਨੁਕਸਾਨਿਆ ਗਿਆ, ਜਿਸ ਦਾ ਪਾਇਲਟ ਲਾਪਤਾ ਦੱਸਿਆ ਜਾਂਦਾ ਹੈ।’ ਉਂਜ ਤਰਜਮਾਨ ਤੇ ਹਵਾਈ ਫ਼ੌਜ ਦੇ ਅਧਿਕਾਰੀ ਨੇ ਇਸ ਮੌਕੇ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਤਿੰਨ ਪਾਕਿਸਤਾਨੀ ਲੜਾਕੂਾਂ ਦੀ ਫਲੀਟ (ਜਿਨ੍ਹਾਂ ਵਿੱਚ ਜੇਐਫ 17 ਤੇ ਐਫ16 ਸ਼ਾਮਲ ਸਨ) ਨੇ ਜੰਮੂ ਤੇ ਕਸ਼ਮੀਰ ਦੇ ਰਾਜੌਰੀ ਤੇ ਨੌਸ਼ਹਿਰਾ ਵਿੱਚ ਅਹਿਮ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਕ੍ਰਿਸ਼ਨਾ ਘਾਟੀ ਤੇ ਨਾਂਗੀ ਟੇਕਰੀ ਦੇ ਫੌਜੀ ਅੱਡਿਆਂ ਤੇ ਨਾਰੀਆਂ ਵਿੱਚ ਅਸਲਾ ਡਿਪੂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ। ਪਾਕਿਸਤਾਨੀ ਜਹਾਜ਼ਾਂ ਨੇ ਜਿਹੜੀ ਥਾਂ ਬੰਬ ਸੁੱਟੇ, ਉਹ ਗੈਰ-ਆਬਾਦੀ ਵਾਲਾ ਇਲਾਕਾ ਸੀ।