ਸ਼ਾਲੀਮਾਰ ਬਾਗ ਵਿਖੇ ਜ਼ਿਲਾ ਪੱਧਰੀ ‘ਧੀਆਂ ਦੀ ਲੋਹੜੀ’ ਸਮਾਗਮ 18 ਨੂੰ

ਸਬ-ਡਵੀਜ਼ਨ ਪੱਧਰ ’ਤੇ ਵੀ ਕਰਵਾਏ ਜਾਣਗੇ ਸਮਾਗਮ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਪ੍ਰਸ਼ਾਸਨ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਰਹਿਨੁਮਾਈ ਹੇਠ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਜ਼ਿਲਾ ਪੱਧਰੀ ‘ਧੀਆਂ ਦੀ ਲੋਹੜੀ’ ਸਮਾਗਮ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ ਮਿਤੀ 18 ਜਨਵਰੀ 2020, ਦਿਨ ਸਨਿੱਚਰਵਾਰ ਸਵੇਰੇ 11 ਵਜੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਇਸ ਦੌਰਾਨ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿਸ ਵਿਚ ਗਿੱਧਾ, ਭੰਗੜਾ ਅਤੇ ਨਾਟਕ ਆਦਿ ਵਿਸ਼ੇਸ਼ ਖਿੱਚ ਦੇ ਕੇਂਦਰ ਹੋਣਗੇ। ਇਸ ਤੋਂ ਇਲਾਵਾ ਨਾਰੀ ਸਸ਼ਕਤੀਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਗਠਿਤ ਕੀਤੇ ਗਏ ਸਵੈ-ਸਹਾਈ ਗਰੁੱਪਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਉਨਾਂ ਵੱਲੋਂ ਤਿਆਰ ਕੀਤਾ ਖਾਣ-ਪੀਣ ਦਾ ਸਾਮਾਨ, ਵਿਸ਼ੇਸ਼ ਕਰਕੇ ਲੋਹੜੀ ਦੇ ਲੱਡੂ ਵੰਡੇ ਜਾਣਗੇ। ਇਸੇ ਤਰਾਂ ‘ਪੋਸ਼ਣ ਅਭਿਆਨ’ ਸਕੀਮ ਤਹਿਤ ਲੋਕਾਂ ਨੂੰ ਘਰ ਦਾ ਬਣਿਆ ਪੌਸ਼ਟਿਕ ਖਾਣਾ ਖਾਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਆਂਗਣਵਾੜੀ ਸੁਪਰਵਾਈਜ਼ਰਾਂ ਦੁਆਰਾ ਵੱਖ-ਵੱਖ ਖਾਣਿਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਉਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਹੁੰਮ-ਹੁੰਮਾ ਕੇ ਪਹੁੰਚ ਕੇ ਧੀਆਂ ਦੇ ਇਸ ਲੋਹੜੀ ਸਮਾਗਮ ਦਾ ਆਨੰਦ ਮਾਨਣ ਦਾ ਸੱਦਾ ਦਿੱਤਾ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਨੇ ਦੱਸਿਆ ਕਿ ਇਸੇ ਤਰਾਂ ਦੇ ਸਮਾਗਮ ਸਬ-ਡਵੀਜ਼ਨ ਪੱਧਰ ’ਤੇ ਭੁਲੱਥ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਵਿਖੇ ਵੀ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਇਨਾਂ ਸਮਾਗਮਾਂ ਦਾ ਮੁੱਖ ਮੰਤਵ ਜਨਮ ਲੈਣ ਵਾਲੀਆਂ ਧੀਆਂ ਦਾ ਸਨਮਾਨ ਕਰਨਾ ਤੇ ਆਉਣ ਵਾਲੀ ਜ਼ਿੰਦਗੀ ਵਿਚ ਉਨਾਂ ਨੂੰ ਸਮਾਜ ਵਿਚ ਆਪਣਾ ਸਥਾਨ ਬਣਾਉਣ ਲਈ ਸ਼ੁੱਭ ਕਾਮਨਾਵਾਂ ਦੇਣਾ ਹੈ। ਉਨਾਂ ਕਿਹਾ ਕਿ ਇਨਾਂ ਸਮਾਗਮਾਂ ਦੌਰਾਨ ਬੱਚੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

 

ਫੋਟੋ -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ