ਬੁੱਤਾਂ ਦੀ ਭੰਨ-ਤੋੜ ਦੇ ਦੋਸ਼ਾਂ ਹੇਠ 8 ਨੌਜਵਾਨ ਅਦਾਲਤ 'ਚ ਪੇਸ਼-ਇਕ ਦਿਨ ਦਾ ਰਿਮਾਂਡ

ਅੰਮਿ੍ਤਸਰ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- 

ਬੁੱਤਾਂ ਦੀ ਭੰਨ-ਤੋੜ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤੇ 8 ਸਿੱਖ ਨੌਜਵਾਨਾਂ ਨੂੰ ਇਥੇ ਏ. ਸੀ. ਜੇ. ਐਮ. ਰਵਿੰਦਰਜੀਤ ਸਿੰਘ ਬਾਜਵਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 8 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ, ਪਰ ਬਚਾਅ ਪੱਖ ਦੇ ਵਕੀਲ ਨਵਜੀਤ ਸਿੰਘ ਟੁਰਨਾ ਦੇ ਵਿਰੋਧ ਸਦਕਾ ਪੁਲਿਸ ਕੇਵਲ ਇਕ ਦਿਨ ਦਾ ਹੀ ਰਿਮਾਂਡ ਹਾਸਲ ਕਰ ਸਕੀ ਅਤੇ ਨਾਲ ਹੀ ਅਦਾਲਤ ਵਲੋਂ ਗਿ੍ਫਤਾਰ ਕੀਤੇ ਨੌਜਵਾਨਾਂ ਦਾ ਮੈਡੀਕਲ ਕਰਵਾਏ ਜਾਣ ਦੇ ਵੀ ਆਦੇਸ਼ ਦਿੱਤੇ ਗਏ ਹਨ | ਇਨ੍ਹਾਂ ਨੌਜਵਾਨਾਂ ਦੀ ਪਛਾਣ ਮਨਿੰਦਰ ਸਿੰਘ ਉਰਫ਼ ਮਨੀ ਵਾਸੀ ਪਿੰਡ ਢਾਹਾਂ ਥਾਣਾ
ਨੂਰਪੁਰ ਬੇਦੀ (ਰੋਪੜ), ਅਮਰਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ (ਤਰਨ ਤਾਰਨ), ਰਣਜੀਤ ਸਿੰਘ ਵਾਸੀ ਪਿੰਡ ਸੋਹਲ ਝਬਾਲ (ਤਰਨ ਤਾਰਨ), ਹਰਵਿੰਦਰ ਸਿੰਘ ਵਾਸੀ ਪਿੰਡ ਟਿੱਬਾ ਟੱਪਰੀਆਂ (ਰੋਪੜ), ਗੁਰਸੇਵਕ ਸਿੰਘ ਵਾਸੀ ਪਿੰਡ ਹਸਨਪੁਰ ਖੁਰਦ (ਗੁਰਦਾਸਪੁਰ), ਰਵਿੰਦਰ ਸਿੰਘ ਵਾਸੀ ਪਿੰਡ ਘਮੋਰ (ਨਵਾਂਸ਼ਹਿਰ), ਰਾਜਬੀਰ ਸਿੰਘ ਵਾਸੀ ਮਕਾਨ ਨੰਬਰ 4432 ਕੋਟ ਭਗਤ ਸਿੰਘ ਗਲੀ ਨੰਬਰ 3 ਸੁਲਤਾਨਵਿੰਡ ਰੋਡ (ਅੰਮ੍ਰਿਤਸਰ), ਹਰਕੁੰਵਰ ਸਿੰਘ ਵਾਸੀ ਮੋਹਣੀ ਪਾਰਕ ਖ਼ਾਲਸਾ ਕਾਲਜ (ਅੰਮ੍ਰਿਤਸਰ) ਸ਼ਾਮਿਲ ਹਨ। ਜਦੋਂ ਕਿ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਮੇਹਰੋ (ਮੋਗਾ) ਭੱਜਣ ਵਿਚ ਕਾਮਯਾਬ ਹੋ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਇਰਾਦਾ ਕਤਲ ਦੀ ਧਾਰਾ 307 , 433, 307, 434, 427, 353, 186, 148 ਆਦਿ ਅਧੀਨ ਪਰਚਾ ਦਰਜ ਕਰ ਲਿਆ ਹੈ। ਟੁਰਨਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਕਤ ਨੌਜਵਾਨਾਂ 'ਚੋਂ ਇਕ ਨਾਬਾਲਗ ਹੈ, ਜੋ ਕਿ ਅੱਠਵੀਂ-ਨੌਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਪੁਲਿਸ ਨੇ ਉਸ ਨੂੰ ਝੂਠੇ ਕੇਸ 'ਚ ਫਸਾ ਦਿੱਤਾ ਹੈ। ਇਸ ਸਬੰਧੀ ਉਹ ਅਦਾਲਤ ਕੋਲ ਉਕਤ ਬੱਚੇ ਦੀ ਰਿਹਾਈ ਦੀ ਚਾਰਾਜੋਈ ਕਰ ਰਹੇ ਹਨ।