ਹੈੱਲਥ ਐਂਡ ਵੈੱਲਨੈੱਸ ਸੈਂਟਰ ਫੁੱਲਾਂਵਾਲ ਵਿਖੇ ਕੁੜੀਆਂ ਦੀ ਲੋਹੜੀ ਮਨਾਈ

ਤੰਦਰੁਸਤ ਮਾਵਾਂ ਅਤੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹੈੱਲਥ ਐਂਡ ਵੈੱਲਨੈੱਸ ਸੈਂਟਰ ਫੁੱਲਾਂਵਾਲ ਵਿਖੇ ਨਵਜਾਤ ਕੁੜੀਆਂ ਦੀ ਲੋਹੜੀ ਮਨਾਈ ਗਈ। ਇਹ ਸਮਾਗਮ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੱਖੋਵਾਲ ਡਾ. ਸੰਦੀਪ ਕੌਰ ਦੀ ਅਗਵਾਈ ਵਿੱਚ ਅਤੇ ਹਿਊਮਨ ਰਾਈਟਸ ਸੰਰਕਸ਼ਣ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਆਰ. ਐੱਮ. ਓ. ਡਾ. ਕਮਲਦੀਪ ਕੌਰ, ਕਮਿਊਨਿਟੀ ਹੈੱਲਥ ਅਫ਼ਸਰ ਸ੍ਰੀਮਤੀ ਬਲਪ੍ਰੀਤ ਕੌਰ, ਸੰਸਥਾ ਦੇ ਮੋਢੀ ਡਾ. ਗੀਤਾ, ਪ੍ਰਧਾਨ ਗੁਰਵਿੰਦਰ ਸਿੰਘ ਤੂਰ ਨੇ ਹਾਜ਼ਰੀ ਭਰੀ। ਇਸ ਮੌਕੇ ਨਵਜਾਤ ਕੁੜੀਆਂ ਦੀ ਲੋਹੜੀ ਬਾਲੀ ਗਈ ਅਤੇ ਹਾਜ਼ਰੀਨ ਨੂੰ ਗੁੜ, ਰਿਓੜੀਆਂ, ਮੂੰਗਫਲੀ ਆਦਿ ਦੀ ਵੰਡ ਕੀਤੀ ਗਈ। ਇਸ ਮੌਕੇ ਤੰਦਰੁਸਤ ਮਾਵਾਂ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਮਾਵਾਂ ਵਿੱਚ ਉਹ ਮਾਵਾਂ ਸ਼ਾਮਿਲ ਸਨ, ਜਿਨਾਂ ਨੇ 6 ਮਹੀਨੇ ਬੱਚੇ ਨੂੰ ਆਪਣਾ ਦੁੱਧ ਪਿਲਾਇਆ ਹੋਵੇ ਅਤੇ ਬੱਚੇ ਦਾ ਸੰਪੂਰਨ ਟੀਕਾਕਰਨ ਕਰਵਾਇਆ ਹੋਵੇ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਕਮਲ ਅਤੇ ਬਲਪ੍ਰੀਤ ਕੌਰ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਭਰੂਣ ਹੱਤਿਆ ਨੂੰ ਰੋਕ ਕੇ ਬੱਚੀਆਂ ਨੂੰ ਜਨਮ ਲੈਣ ਅਤੇ ਅੱਗੇ ਵਧਣ ਲਈ ਮੌਕੇ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾਣ। ਇਸ ਮੌਕੇ ਉਕਤ ਤੋਂ ਇਲਾਵਾ ਫਾਰਮਾਸਿਸਟ ਹਰਜਿੰਦਰ ਸਿੰਘ, ਐੱਮ. ਪੀ. ਐੱਚ. ਡਬਲਿਊ ਗੁਰਬਖ਼ਸ਼ ਸਿੰਘ, ਏ. ਐÎਨ. ਐੱਮ. ਕਰਮਜੀਤ ਕੌਰ, ਐੱਲ. ਐੱਚ. ਵੀ. ਮਹਿੰਦਰ ਕੌਰ, ਜੀਤ ਕੌਰ, ਅਤੇ ਹੋਰ ਵੱਡੀ ਗਿਣਤੀ ਵਿੱਚ ਮਾਵਾਂ ਅਤੇ ਬੱਚੇ ਸ਼ਾਮਿਲ ਸਨ।