ਘਰ-ਘਰ ਰੋਜ਼ਗਾਰ ਯੋਜਨਾ-ਹੁਣ ਨੌਜਵਾਨਾਂ ਨੂੰ ਇੰਟਰਵਿਊ ਦੀ ਤਿਆਰੀ ਵੀ ਕਰਵਾਏਗੀ ਪੰਜਾਬ ਸਰਕਾਰ

ਬਾਇਓਡਾਟਾ ਤਿਆਰ ਕਰਨ ਅਤੇ ਸਖ਼ਸ਼ੀਅਤ ਉਸਾਰੀ ਵਿੱਚ ਵੀ ਮਿਲੇਗੀ ਸਹਾਇਤਾ

ਲੁਧਿਆਣਾ/, ਜੁਲਾਈ 2019 ( ਮਨਜਿੰਦਰ ਗਿੱਲ )-'ਘਰ-ਘਰ ਰੋਜ਼ਗਾਰ ਯੋਜਨਾ' ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਟਰਵਿਊ ਦੀ ਤਿਆਰੀ ਕਰਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਹਰੇਕ ਜ਼ਿਲੇ ਵਿੱਚ ਇੰਟਰਵਿਊ ਅਤੇ ਬਾਇਓਡਾਟਾ ਆਦਿ ਤਿਆਰ ਕਰਾਉਣ ਲਈ ਮਾਹਿਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੇ ਮੌਕੇ ਤਾਂ ਬਹੁਤ ਮੁਹੱਈਆ ਕਰਵਾਏ ਜਾ ਰਹੇ ਹਨ ਪਰ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਨੌਜਵਾਨ ਕਈ ਕਾਰਨਾਂ ਕਰਕੇ ਇੰਟਰਵਿਊ ਵਿੱਚ ਪਛੜ ਜਾਂਦੇ ਹਨ ਜਾਂ ਆਪਣੇ ਆਪ ਨੂੰ ਜਾਂ ਆਪਣੀ ਯੋਗਤਾ ਨੂੰ ਸਿੱਧ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਕਿਤੇ ਨਾ ਕਿਤੇ ਉਨਾਂ ਦੇ ਦਸਤਾਵੇਜ਼ਾਂ ਵਿੱਚ ਵੀ ਕਮੀ ਪੇਸ਼ੀ ਰਹਿ ਜਾਂਦੀ ਹੈ। ਪੰਜਾਬ ਸਰਕਾਰ ਇਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਤੋਂ ਪਹਿਲਾਂ ਇੰਟਰਵਿਊ ਦੀ ਤਿਆਰੀ ਕਰਾਉਣ ਲਈ ਵੱਖ-ਵੱਖ ਏਜੰਸੀਆਂ ਨਾਲ ਗੱਲ ਕਰ ਰਹੀ ਹੈ, ਜੋ ਇਨਾਂ ਨੌਜਵਾਨਾਂ ਨੂੰ ਇੰਟਰਵਿਊ ਦੀ ਤਿਆਰੀ ਕਰਾਉਣ ਦੇ ਨਾਲ-ਨਾਲ ਨੌਜਵਾਨਾਂ ਦੀ ਸਖ਼ਸ਼ੀਅਤ ਉਸਾਰੀ (ਪ੍ਰਸਨੈਲਟੀ ਡਿਵੈੱਲਪਮੈਂਟ) ਅਤੇ ਦਸਤਾਵੇਜ਼ਾਂ ਦੀ ਤਿਆਰੀ ਆਦਿ ਕਰਾਉਣਗੀਆਂ। ਨੌਜਵਾਨਾਂ ਦੀ ਵਿਸ਼ੇਸ਼ ਤੌਰ 'ਤੇ ਮਾਹਿਰਾਂ ਵੱਲੋਂ ਕੌਂਸਲਿੰਗ ਕਰਵਾਈ ਜਾਇਆ ਕਰੇਗੀ। ਜ਼ਿਲਾ ਦਫ਼ਤਰ ਵਿੱਚ ਏਜੰਸੀ ਅਤੇ ਮਾਹਿਰਾਂ ਦੀ ਤਾਇਨਾਤੀ ਜਲਦ ਕਰ ਦਿੱਤੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਸੂਬੇ ਭਰ ਵਿੱਚ 19 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਜਿਨਾਂ ਲਈ ਤਿਆਰੀਆਂ ਹੁਣੇ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨਾਂ ਤਿਆਰੀਆਂ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੀਟਿੰਗ ਕੀਤੀ। ਅਗਰਵਾਲ ਨੇ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਦਾ ਮਕਸਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਸੰਪਰਕ ਵਿੱਚ ਆਉਣ ਵਾਲੇ ਉਦਯੋਗਪਤੀਆਂ, ਛੋਟੇ ਕਾਰੋਬਾਰੀਆਂ ਅਤੇ ਕੰਪਨੀਆਂ ਨੂੰ ਲੋੜੀਂਦੀ ਮਨੁੱਖੀ ਸ਼ਕਤੀ ਬਾਰੇ ਜਾਣਕਾਰੀ ਹਾਸਿਲ ਕਰਕੇ ਬਿਊਰੋ ਦਫ਼ਤਰ ਵਿਖੇ ਜਲਦ ਤੋਂ ਜਲਦ ਪਹੁੰਚਦੀ ਕਰਨ ਤਾਂ ਜੋ ਬਿਊਰੋ ਵਿਖੇ ਰਜਿਸਟਰਡ ਪ੍ਰਾਰਥੀਆਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਿਆਉਣ ਅਤੇ ਨੌਕਰੀ ਮੁਹੱਈਆ ਕਰਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ. ਈ. ਓ. ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਨੋਡਲ ਅਫ਼ਸਰ-ਕਮ-ਐੱਸ. ਡੀ. ਐÎੱਮ. ਪਾਇਲ ਸ੍ਰੀਮਤੀ ਸਵਾਤੀ ਟਿਵਾਣਾ, ਰੋਜ਼ਗਾਰ ਅਫ਼ਸਰ ਰਾਜਨ ਸ਼ਰਮਾ,  ਨਵਦੀਪ ਸਿੰਘ ਡਿਪਟੀ ਸੀ. ਈ. ਓ. ਆਦਿ ਹਾਜ਼ਰ ਸਨ।