ਪੀ. ਐੱਸ. ਪੀ. ਸੀ. ਐੱਲ. ਦਾ ਸਹਾਇਕ ਲਾਈਨਮੈਨ 4000 ਰੁਪਏ ਰਿਸ਼ਵਤ ਲੈਂਦਾ ਕਾਬੂ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਨੇ ਟਰਾਂਸਫਾਰਮਰ ਬਦਲਾਉਣ ਦੇ ਨਾਮ 'ਤੇ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਪੀ. ਐੱਸ. ਪੀ. ਸੀ. ਐੱਲ. ਲਲਤੋਂ ਕਲਾਂ ਦੇ ਸਹਾਇਕ ਲਾਈਨਮੈਨ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰੰਧੀ ਵਿਜੀਲੈਂਸ ਬਿਊਰੋ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਮੁਦੱਈ ਸਵਰਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਦੋਲੋਂ ਕਲਾਂ ਦੀ ਆਪਣੇ ਭਰਾ ਮਨਦੀਪ ਸਿੰਘ ਨਾਲ ਸਾਂਝੀ ਵਰਕਸ਼ਾਪ ਪਿੰਡ ਖੇੜੀ ਵਿਖੇ ਹੈ। ਇਸ ਵਰਕਸ਼ਾਪ ਨੂੰ ਲੱਗਦਾ ਟਰਾਂਸਫਾਰਮਰ ਖਰਾਬ ਹੋ ਗਿਆ ਸੀ, ਜਿਸ ਨੂੰ ਬਦਲਾਉਣ ਲਈ ਸਹਾਇਕ ਲਾਈਨਮੈਨ ਮਾਧੋ ਰਾਮ ਨੇ ਰਿਸ਼ਵਤ ਵਜੋਂ 6000 ਰੁਪਏ ਦੀ ਮੰਗ ਕੀਤੀ ਸੀ, ਪਰ ਮਾਧੋਰਾਮ 4000 ਰੁਪਏ ਬਦਲੇ ਕੰਮ ਕਰਨ ਲਈ ਰਾਜੀ ਹੋ ਗਿਆ। ਸਵਰਨ ਸਿੰਘ ਵੱਲੋਂ ਇਹ ਮਾਮਲਾ ਵਿਜੀਲੈਂਸ ਬਿਊਰੋ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਲਾਈਨਮੈਨ ਮਾਧੋ ਰਾਮ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਮਾਧੋ ਰਾਮ ਖ਼ਿਲਾਫ਼ ਮੁਕੱਦਮਾ ਨੰਬਰ 1 ਮਿਤੀ 7 ਜਨਵਰੀ 2020 ਅ/ਧ 7 ਪੀ. ਸੀ. ਐਕਟ 1988 ਐਜ ਅਮੈਡਡ ਬਾਏ ਅਮੈਂਡਮੈਂਡ ਐਕਟ 2018 ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਵਿਖੇ ਦਰਜ ਕਰ ਲਿਆ ਗਿਆ ਹੈ।