ਭਰੂਣ ਹੱਤਿਆ ਕਰਨ ਵਾਲਿਆਂ ਖਿਲਾਫ ਹੋਵੇ ਕਤਲ ਦਾ ਪਰਚਾ ਦਰਜ-ਬਾਵਾ,ਦਾਖਾ

11 ਜਨਵਰੀ ਨੂੰ ਧੀਆਂ ਦੇ 26 ਵੇਂ ਲੋਹੜੀ ਮੇਲੇ ਤੇ ਜਗਰਾਉਂ ਤੋਂ ਜਾਵੇਗਾ ਕਾਫਲਾ
ਜਗਰਾਓਂ/ਲੁਧਿਆਣਾ, ਜਨਵਰੀ 2020- (ਮਨਜਿੰਦਰ ਗਿੱਲ )-

ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ 11 ਜਨਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਧੀਆਂ ਦੇ 26 ਵੇਂ ਲੋਹੜੀ ਮੇਲੇ ਸਬੰਧੀ ਮੀਟਿੰਗ ਕੀਤੀ। ਜਿਸ ਵਿੱਚ ਮੁੱਖ ਤੋਰ ਤੇ ਮੰਚ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਹਾਜਿਰ ਸਨ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਦਾਖਾ ਅਤੇ ਚੇਅਰਮੈਨ ਬਾਵਾ ਨੇ ਕਿਹਾ ਕਿ ਪੁਰਾਤਨ ਸਮੇਂ ਵਿੱਚ ਲੜਕੀਆਂ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਸੀ ਤੇ ਕਹਿ ਦਿੱਤਾ ਜਾਂਦਾ ਸੀ ਗੁੜ ਖਾਈ ਪੂਣੀ ਕੱਤੀ,ਆਪ ਨਾ ਆਈ ਵੀਰੇ ਨੂੰ ਘੱਤੀ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੀਆਂ ਮਸ਼ੀਨਾ ਬਣ ਗਈਆਂ ਹਨ ਜੋ ਪੇਟ ਵਿੱਚ ਹੀ ਭਰੂਣ ਨੂੰ ਖਤਮ ਕਰ ਦਿੰਦੀਆਂ ਹਨ। ਉਨਾਂ ਭਰੂਣ ਹੱਤਿਆ ਕਰਨ ਵਾਲੇ ਡਾਕਟਰਾਂ ਤੇ ਮਾਪਿਆਂ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ,ਤਾਂ ਜੋ ਬਿਗੜਦੇ ਜਾ ਰਹੇ ਲਿੰਗ ਅਨੁਪਾਤ ਠੀਕ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ 7 ਸਖਸ਼ੀਅਤਾਂ ਨੂੰ ਗੋਲਡ ਮੈਡਲ ਪਾ ਕੇ ਜਿੱਥੇ ਸਨਮਾਨਿਤ ਕੀਤਾ ਜਾਵੇਗਾ,ਉੱਥੇ 31 ਨਵ-ਜੰਮੀਆਂ ਬੱਚੀਆਂ ਨੂੰ ਸ਼ਗਨ, ਸੂਟ, ਖਿੰਡੋਣੇ ਦਿੱਤੇ ਜਾਣਗੇ ਅਤੇ ਦਰਸ਼ਕਾਂ ਨੂੰ ਰਿਊੜੀ-ਮੂੰਗਫਲੀ ਵੰਡੀ ਜਾਵੇਗੀ। ਮੇਲੇ ਵਿੱਚ ਸੂਫੀ ਗਾਇਕੀ ਦੀ ਦੁਨੀਆਂ ਦੇ ਪ੍ਰਮੁੱਖ ਗਾਇਕ ਕੰਵਰ ਗਰੇਵਾਲ, ਸੁਖਵਿੰਦਰ ਸੁੱਖੀ, ਸੁਰਿੰਦਰ ਛਿੰਦਾ, ਪਾਲੀ ਦੇਤਵਾਲੀਆ ਤੇ ਰਵਿੰਦਰ ਗਰੇਵਾਲ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇਂ। ਇਸ ਮੋਕੇ ਬਲਾਕ ਸੰਮਤੀ ਮੈਂਬਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕੌਂਸਲਰ ਕਰਮਜੀਤ ਸਿੰਘ ਕੈਂਥ, ਸਾਬਕਾ ਕੌਂਸਲਰ ਰਵਿੰਦਰ ਸੱਭਰਵਾਲ ਨੀਟਾ, ਕਮਲਜੀਤ ਸਿੰਘ ਬਿੱਟੂ, ਪ੍ਰਿੰਸੀਪਲ ਬਲਦੇਵ ਬਾਵਾ, ਐਡਵੋਕੇਟ ਸਸਪਾਲ ਸਿੰਘ ਸੰਮੀ, ਕੁਲਦੀਪ ਸਿੰਘ ਕੈਲੇ ਆਦਿ ਹਾਜਿਰ ਸਨ।