ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿੱਲੀ ਕਮੇਟੀ ਨੂੰ ਪੈਰਵਾਈ ਕਰਨ ਦੇ ਆਦੇਸ਼
ਤਲਵੰਡੀ ਸਾਬੋ,ਜਨਵਰੀ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੀਲੀਭੀਤ ਵਿਖੇ ਨਗਰ ਕੀਰਤਨ ਦੇ ਪ੍ਰਬੰਧਕਾਂ 'ਤੇ ਮਾਮਲਾ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਸ ਨੰੂ ਸਿੱਖਾਂ ਦੀ ਆਜ਼ਾਦੀ 'ਤੇ ਉੱਤਰ ਪ੍ਰਦੇਸ਼ ਸਰਕਾਰ ਦਾ ਹਮਲਾ ਦੱਸਦੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਮਲੇ ਦੀ ਪੈਰਵਾਈ ਕਰਨ ਦੇ ਆਦੇਸ਼ ਦਿੱਤੇ ਹਨ | ਦਮਦਮਾ ਸਾਹਿਬ ਤੋਂ ਜਾਰੀ ਪ੍ਰੈੱਸ ਬਿਆਨ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਮਾਮਲੇ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਧਾਰਾ 144 ਤੋਂ ਵਿਆਹ ਤੇ ਧਾਰਮਿਕ ਸਮਾਗਮਾਂ ਨੂੰ ਬਾਹਰ ਰੱਖਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਨੂੰ ਰੋਕਣ ਦਾ ਯਤਨ ਕਰਨਾ ਮੰਦਭਾਗਾ ਹੈ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ 'ਤੇ ਮਾਮਲੇ ਦਰਜ ਕਰਨਾ ਉੱਤਰ ਪ੍ਰਦੇਸ਼ ਸਰਕਾਰ ਦਾ ਘਿਨਾਉਣਾ ਕਦਮ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੀਤੀ ਇਸ ਕਾਰਵਾਈ 'ਤੇ ਮੁੜ ਵਿਚਾਰ ਕਰਕੇ ਸਿੱਖ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ |