ਪਲੇਠੀ ਮੀਟਿੰਗ ਵਿੱਚ ਜ਼ਿਲਾ ਪ੍ਰੀਸ਼ਦ ਦੀ ਆਮਦਨੀ ਵਧਾਉਣ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਖਾਕਾ ਤਿਆਰ ਕਰਨ ਦਾ ਫੈਸਲਾ

ਅਗਲੀ ਮੀਟਿੰਗ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਜਾਇਦਾਦਾਂ ਦੀ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲਾ ਲੁਧਿਆਣਾ ਦੇ ਨਵੇਂ ਚੁਣੇ ਗਏ ਮੈਂਬਰਾਂ ਦੀ ਪਲੇਠੀ ਮੀਟਿੰਗ ਅੱਜ ਨਵ-ਨਿਯੁਕਤ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿੱਚ ਹੋਈ, ਜਿਸ ਵਿੱਚ ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਅਮਰੀਕ ਸਿੰਘ ਢਿੱਲੋਂ, ਗੁਰਕੀਰਤ ਸਿੰਘ ਕੋਟਲੀ ਅਤੇ ਲਖਬੀਰ ਸਿੰਘ ਲੱਖਾ (ਤਿੰਨੇ ਵਿਧਾਇਕ), ਜ਼ਿਲਾ ਪ੍ਰੀਸ਼ਦ ਦੇ ਸਕੱਤਰ ਚਰਨਜੋਤ ਸਿੰਘ ਵਾਲੀਆ, ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਹਰਕਰਨ ਸਿੰਘ ਵੈਦ, ਮੇਜਰ ਸਿੰਘ ਭੈਣੀ, ਕਾਮਿਲ ਬੋਪਾਰਾਏ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਜ਼ਿਲਾ ਪ੍ਰੀਸ਼ਦ ਦੀ ਆਮਦਨੀ ਵਧਾਉਣ ਅਤੇ ਪਿੰਡ ਦੇ ਯੋਜਨਾਬੱਧ ਤਰੀਕੇ ਨਾਲ ਸਰਬਪੱਖੀ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੰਡਾਲੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਉੱਪਰ ਚੁੱਕਣ ਲਈ ਲਿਆਂਦੀ ਗਈ ਮਗਨਰੇਗਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇਗਾ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਯੋਜਨਾ ਤਹਿਤ ਸ਼ੁਰੂ ਕੀਤੇ ਵਿਕਾਸ ਕਾਰਜ ਕਿਸੇ ਵੀ ਹੀਲੇ ਰੁਕਣੇ ਨਹੀਂ ਚਾਹੀਦੇ। ਇਨਾਂ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਇਆ ਜਾਵੇ। ਇਸ ਯੋਜਨਾ ਦਾ ਪੂਰਨ ਲਾਭ ਲੈਣ ਲਈ ਪੈਣ ਵਾਲੇ ਅੜਿੱਕਿਆਂ ਨੂੰ ਦੂਰ ਕਰਨ ਲਈ ਹਾਊਸ ਨੇ ਜ਼ਿਲਾ ਪ੍ਰੀਸ਼ਦ ਸਕੱਤਰ, ਮਗਨਰੇਗਾ ਕੋਆਰਡੀਨੇਟਰ ਅਤੇ ਇੱਕ ਮੈਂਬਰ ਨੂੰ ਅਖ਼ਤਿਆਰ ਦਿੱਤੇ ਕਿ ਇਸ ਸੰਬੰਧੀ ਬਕਾਇਦਾ ਰਿਪੋਰਟ ਕੀਤੀ ਜਾਵੇ ਤਾਂ ਜੋ ਇਸ ਮਾਮਲੇ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਪਹੰਚਾਇਆ ਜਾਵੇ। ਚੇਅਰਮੈਨ ਜੰਡਾਲੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਯੋਜਨਾ ਤੋਂ ਇਲਾਵਾ ਹੋਰ ਵੀ ਲੋਕ ਹਿੱਤ ਯੋਜਨਾਵਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਉਣ ਲਈ ਯਤਨ ਕੀਤੇ ਜਾਣ। ਉਨਾਂ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਮੈਂਬਰਾਂ ਨੂੰ ਦਫ਼ਤਰ ਵਿਖੇ ਮਿਲਣ ਲਈ ਹਫ਼ਤੇ ਦੇ ਤਿੰਨ ਦਿਨ ਤੈਅ ਕਰਨਗੇ।
ਇਹ ਵੀ ਫੈਸਲਾ ਕੀਤਾ ਗਿਆ ਅਗਲੀ ਮੀਟਿੰਗ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀ ਜਾਇਦਾਦਾਂ ਦੀ ਮੌਜੂਦਾ ਸਥਿਤੀ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਜੋ ਸਾਰੇ ਮੈਂਬਰਾਂ ਨੂੰ ਪਤਾ ਲੱਗ ਸਕੇ ਅਤੇ ਇਨਾਂ ਜਾਇਦਾਦਾਂ ਦੀ ਉਚਿਤ ਵਰਤੋਂ ਅਤੇ ਆਮਦਨੀ ਦੇ ਰਾਹ ਲੱਭੇ ਜਾ ਸਕਣ। ਮੀਟਿੰਗ ਦੌਰਾਨ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਸਾਲ 2019-20 ਦੇ ਪੂਰਨ ਬਜਟ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਦੇ ਦਫ਼ਤਰ ਦੀ ਮੁਰੰਮਤ, ਬਹੁੰਮੰਜਲੀ ਇਮਾਰਤ ਨੂੰ ਕਿਰਾਏ 'ਤੇ ਦੇਣ, ਘੰਟਾ ਘਰ ਸਥਿਤ ਪਾਰਕਿੰਗ ਸਥਾਨ ਦੀ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕਾਇਆ ਕਲਪ ਸਮੇਤ ਕਈ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ।