ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਅਧਿਕਾਰੀਆਂ ਨੂੰ ਖੁਰਾਕ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦੇਣ ਦੀ ਹਦਾਇਤ

ਸਕੂਲਾਂ ਤੇ ਸਰਕਾਰੀ ਦਫ਼ਤਰਾਂ 'ਚ ਪੀਣ ਵਾਲੇ ਪਾਣੀ ਦੀ ਜਾਂਚ ਲਈ ਚੈਕਿੰਗਾਂ ਜਾਰੀ ਰੱਖਣ ਦੇ ਆਦੇਸ਼
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਜ਼ਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਮੂਹ ਐਸ.ਐਮ.ਓਜ਼ ਅਤੇ ਸੀ.ਡੀ.ਪੀ.ਓਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਸਰਕਾਰ ਵੱਲੋਂ ਸਿਹਤ ਸੁਧਾਰ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਾਂਝੇ ਤੌਰ 'ਤੇ ਕੰਮ ਕਰਨ, ਜਿਸ ਦੇ ਬਿਹਤਰ ਨਤੀਜੇ ਮਿਲਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗਾਂ ਲਗਾਤਾਰ ਜਾਰੀ ਰੱਖੀਆਂ ਜਾਣ ਅਤੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਜਾਣ। ਜੇਕਰ ਇਸ ਮਾਮਲੇ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇ। ਉਨਾਂ ਸਿਹਤ ਅਧਿਕਾਰੀਆਂ ਨੂੰ ਹੋਟਲਾਂ, ਰੈਸਤਰਾਂ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਹੋਰ ਦੁਕਾਨਦਾਰਾਂ ਦੀ ਵੀ ਜਾਂਚ ਜਾਰੀ ਰੱਖਣ ਬਾਰੇ ਕਿਹਾ ਗਿਆ ਤਾਂ ਜੋ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਬਣਾਈ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਖੁਰਾਕ ਸੁਰੱਖਿਆ ਐਕਟ ਦੇ ਪੱਖਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾਵੇ। ਉਨਾਂ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਜ਼ਿਲੇ ਦੇ ਸਾਰੇ ਅਲਟਰਾ ਸਾਉਂਡ ਸੈਟਰਾਂ ਦੀ ਸਮੇਂ-ਸਮੇਂ 'ਤੇ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਜ਼ਿਲੇ ਵਿੱਚ ਨਵੰਬਰ ਮਹੀਨੇ ਦੌਰਾਨ 65 ਅਲਟਰਾ ਸਾਊਂਡ ਸੈਂਟਰ ਚੈਕ ਕੀਤੇ ਗਏ ਹਨ, ਜਿਨਾਂ ਵਿੱਚੋਂ 4 ਅਲਟਰਾ ਸਾਊਂਡ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਘਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਡਲਿਵਰੀਆਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਡਲਿਵਰੀ ਕਰਵਾਉਣ 'ਤੇ 700 ਰੁਪਏ ਅਤੇ ਸ਼ਹਿਰ ਦੀਆਂ ਔਰਤਾਂ ਨੂੰ 600 ਰੁਪਏ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਟੀਕਾ ਕਰਨ ਅਧੀਨ 0-5 ਸਾਲ ਦੇ ਬੱਚਿਆਂ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਹਰ ਬੁੱਧਵਾਰ ਆਂਗਨਵਾੜੀ ਸੈਂਟਰਾਂ ਵਿੱਚ ਮਮਤਾ ਦਿਵਸ ਮਨਾਇਆ ਜਾਂਦਾ ਹੈ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਕੂਲ ਹੈਲਥ ਪ੍ਰੋਗਰਾਮ ਅਧੀਨ ਸਕੂਲਾਂ ਵਿੱਚ ਇੱਕ ਵਾਰ ਅਤੇ ਆਂਗਨਵਾੜੀ ਸੈਂਟਰਾਂ ਵਿੱਚ 2 ਵਾਰ ਚੈਕ-ਅਪ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਯੋਜਨਾਵਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।