ਭਾਰਤ-ਪਾਕਿ ਤਣਾਅ ਕਾਰਨ ਮੁਹਾਲੀ ਹਵਾਈ ਅੱਡੇ ’ਤੇ ਚੌਕਸੀ ਵਧਾਈ

ਐਸਏਐਸ ਨਗਰ (ਮੁਹਾਲੀ), 27 ਫਰਵਰੀ ਮੁਹਾਲੀ ਅੱਡੇ ਨੂੰ ਅੱਜ ਥੋੜੀ ਦੇਰ ਬੰਦ ਰੱਖਣ ਮਗਰੋਂ ਮੁੜ ਖੋਲ੍ਹ ਦਿੱਤਾ ਗਿਆ। ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਤਣਾਅ ਵਧਣ ਕਾਰਨ ਮੁਹਾਲੀ ਹਵਾਈ ਅੱਡੇ ’ਤੇ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਹਵਾਈ ਅੱਡੇ ਨੂੰ ਪੂਰਨ ਰੂਪ ਵਿਚ ਬੰਦ ਨਹੀਂ ਕੀਤਾ ਗਿਆ ਅਤੇ ਇੰਟਰਨੈਸ਼ਨਲ ਉਡਾਣਾਂ ਵੀ ਰੱਦ ਨਹੀਂ ਕੀਤੀਆਂ ਗਈਆਂ। ਉਂਜ ਸ੍ਰੀਨਗਰ ਲਈ ਅੱਜ ਕਿਸੇ ਜਹਾਜ਼ ਨੇ ਉਡਾਣ ਨਹੀਂ ਭਰੀ ਤੇ ਖ਼ਰਾਬ ਮੌਸਮ ਕਾਰਨ ਕੁੱਲੂ, ਹੈਦਰਾਬਾਦ ਅਤੇ ਕੁਝ ਹੋਰ ਉਡਾਣਾਂ ਰੱਦ ਕੀਤੀਆਂ ਗਈਆਂ ਸਨ।
ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐਮ.ਆਰ. ਜ਼ਿੰਦਲ ਨੇ ਦੱਸਿਆ ਕਿ ਮੁਹਾਲੀ ਏਅਰਪੋਰਟ ਤੋਂ ਹਵਾਈ ਉਡਾਣਾਂ ਆਮ ਦਿਨਾਂ ਵਾਂਗ ਜਾਰੀ ਹਨ। ਉਂਜ ਖ਼ਰਾਬ ਮੌਸਮ ਦੇ ਚੱਲਦਿਆਂ ਕੁਲੂ ਵਾਲੀ ਉਡਾਣ ਰੱਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਹਾਲੀ ਤੋਂ ਏਅਰ ਇੰਡੀਆ ਦੇ 33 ਜਹਾਜ਼ ਹਵਾਈ ਉਡਾਣ ਭਰਦੇ ਹਨ ਅਤੇ ਅੱਜ ਮੁੰਬਈ ਅਤੇ ਦਿੱਲੀ ਸਮੇਤ ਹੋਰਨਾਂ ਥਾਵਾਂ ਲਈ ਸਾਰੀਆਂ ਉਡਾਣਾਂ ਗਈਆਂ ਸਨ। ਏਅਰਪੋਰਟ ਅਤੇ ਹਵਾਈ ਉਡਾਣਾਂ ਬੰਦ ਹੋਣ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਜ਼ਿੰਦਲ ਨੇ ਸਪੱਸ਼ਟ ਕੀਤਾ ਕਿ ਅੱਜ ਸੋਸ਼ਲ ਮੀਡੀਆ ’ਤੇ ਝੂਠੀ ਅਫਵਾਹ ਫੈਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਦੀ ਮੀਟਿੰਗ ਵੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਏਅਰਲਾਈਨਜ਼ ਨੇ ਆਪਣੇ ਪੱਧਰ ’ਤੇ ਉਡਾਣਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਪੁਲੀਸ ਅਨੁਸਾਰ ਮੁਹਾਲੀ ਹਵਾਈ ਅੱਡੇ ਤੋਂ ਪ੍ਰਾਈਵੇਟ ਕੰਪਨੀਆਂ ਦੀਆਂ ਰੋਜ਼ਾਨਾ 30 ਉਡਾਣ ਚਲਦੀਆਂ ਹਨ ਜਿਨ੍ਹਾਂ ’ਚੋਂ ਸ੍ਰੀਨਗਰ ਜਾਣ ਵਾਲੀਆਂ ਫਲਾਈਟਾਂ ਨੇ ਉਡਾਣ ਨਹੀਂ ਭਰੀ। ਬਾਅਦ ਦੁਪਹਿਰ ਬੰਗਲੂਰੂ ਤੇ ਹੈਰਦਾਬਾਦ ਵੀ ਫਲਾਈਟਾਂ ਨਹੀਂ ਗਈਆਂ ਤੇ ਬਾਕੀ ਫਲਾਈਟਾਂ ਨੇ ਆਮ ਦਿਨਾਂ ਵਾਂਗ ਉਡਾਣ ਭਰੀ।

ਹਵਾਈ ਅੱਡੇ ਨੇੜਲੇ ਪਿੰਡਾਂ ਨੂੰ ਕੀਤਾ ਚੌਕਸ
ਏਅਰਪੋਰਟ ਦੇ ਐੱਸਐਚਓ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਹਾਲੀ ਹਵਾਈ ਅੱਡੇ ’ਤੇ ਚੌਕਰੀ ਵਧਾ ਦਿੱਤੀ ਗਈ ਹੈ। ਮੁਹਾਲੀ ਤੋਂ ਬਾਹਰ ਜਾਣ ਵਾਲੇ ਅਤੇ ਬਾਹਰੋਂ ਇੱਧਰ ਆਉਣ ਵਾਲੇ ਯਾਤਰੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਮਾਨ ਦੀ ਬਰੀਕੀ ਨਾਲ ਤਲਾਸ਼ੀ ਲੈਣ ਤੋਂ ਇਲਾਵਾ ਉਨ੍ਹਾਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡਾਂ ਝਿਊਰਹੇੜੀ, ਜਗਤਪੁਰਾ ਅਤੇ ਕੰਡਾਲਾ, ਭਬਾਤ, ਬੈਰਮਾਰਜਰਾ, ਬਲਾਣਾ, ਸਫ਼ੀਪੁਰ ਆਦਿ ਪਿੰਡਾਂ ਦੇ ਲੋਕਾਂ ਨੂੰ ਵੀ ਚੌਕੰਨੇ ਰਹਿਣ ਲਈ ਆਖਿਆ ਗਿਆ ਹੈ। ਹਵਾਈ ਅੱਡੇ ਉੱਤੇ ਅਤੇ ਨੇੜਲੇ ਇਲਾਕਿਆਂ ਵਿੱਚ ਪੁਲੀਸ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਪਿੰਡ ਝਿਊਰਹੇੜੀ ਦੇ ਸਾਬਕਾ ਸਰਪੰਚ ਜਥੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੀ 28 ਫਰਵਰੀ ਨੂੰ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਸੁਰੱਖਿਆ ਦੇ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ।