ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬੀ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਆਵਰ ਸਪੇਸ ਸਿਨੇਮਾ ਵੱਲੋਂ ਅੱਜ ਬਲਰਾਜ ਸਾਹਨੀ ਯਾਦਗਾਰੀ ਸੁਹਿਰਦ ਸਿਨੇਮਾ ਸਨਮਾਨ ਨਾਲ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਰਾਜਗੁਰੂ ਲੁਧਿਆਣਾ ਵਿਖੇ ਦੋ ਰੋਜ਼ਾ ਲਘੂ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਮੌਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਦਾਨ ਕਰਨ ਦੀ ਰਸਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਕ੍ਰਿਪਾਲ ਸਿੰਘ ਔਲਖ,ਗੁਰਪ੍ਰੀਤ ਸਿੰਘ ਤੂਰ ਡੀ ਆਈ ਜੀ,ਆਵਰ ਸਪੇਸ ਸਿਨੇਮਾ ਦੇ ਚੇਅਰਮੈਨ ਪਰਦੀਪ ਸਿੰਘ, ਮਨਮੋਹਨ ਵਿਨਾਇਕ, ਡਾ: ਪਰਮਜੀਤ ਸੋਹਲ,ਡਾ: ਯਾਦਵਿੰਦਰ ਸਿੰਘ , ਸੁਨੀਲ ਕੁਮਾਰ, ਕਰਣ ਕ੍ਰਿਸ਼ਨ ਕਮਲ , ਜਸਬੀਰ ਸਿੰਘ ਸੋਹਲ,ਪੰਮੀ ਹਬੀਬ, ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾ: ਨਿਰਮਲ ਜੌੜਾ, ਡਾਇਰੈਕਟਰ ਯੁਵਕ ਭਲਾਈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ , ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਅਦਾ ਕੀਤੀ। ਦੋ ਰੋਜ਼ਾ ਫਿਲਮ ਫੈਸਟੀਵਲ ਦਾ ਉਦਘਾਟਨ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ: ਕ੍ਰਿਪਾਲ ਸਿੰਘ ਔਲਖ ਨੇ ਕਰਦਿਆਂ ਕਿਹਾ ਕਿ ਲਘੂ ਫ਼ਿਲਮਾਂ ਰਾਹੀਂ ਵੱਡੇ ਸੰਦੇਸ਼ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਲੋਕਾਂ ਤੀਕ ਪਹੁੰਚਦੇ ਹਨ, ਜਿੰਨ੍ਹਾਂ ਨੂੰ ਵਪਾਰਕ ਸਿਨੇਮਾ ਨੇ ਹਾਸ਼ੀਏ ਤੇ ਵਾਧੂ ਕਰਕੇ ਸੁੱਟਿਆ ਹੋਇਆ ਹੈ। ਬਲਰਾਜ ਸਾਹਨੀ ਜੀ ਦੀ ਯਾਦ ਵਿੱਚ ਗੁਰਭਜਨ ਗਿੱਲ ਨੂੰ ਸਨਮਾਨਿਤ ਕਰਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਬੇਬਾਕ ਬੁਲਾਰੇ, ਬੁਲੰਦ ਸ਼ਾਇਰ ਤੇ ਅਣਥੱਕ ਸਭਿਆਚਾਰਕ ਕਾਮੇ ਵਜੋਂ ਮੈਂ ਉਸ ਨੂੰ ਪਿਛਲੇ ਚਾਲੀ ਸਾਲ ਤੋਂ ਲਗਾਤਾਰ ਵੇਖ ਰਿਹਾਂ ਹਾਂ! ਪੰਜਾਬ ਖੇਤੀ ਯੂਨੀਵਰਸਿਟੀ ਸੇਵਾ ਦੌਰਾਨ ਵੀ ਉਹ ਸੰਚਾਰ ਢਾਂਚੇ ਦੀ ਰੀੜ੍ਹ ਦੀ ਹੱਡੀ ਸੀ। ਉਸ ਕੋਲ ਧਰਤੀ ਦੇ ਲੋਕਾਂ ਨਾਲ ਸਨੇਹ ਦੀ ਸ਼ਕਤੀ ਅਥਾਹ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਵੀ ਲਘੂ ਫਿਲਮ ਫੈਸਟੀਵਲ ਦੇ ਪੰਜਵੇਂ ਸਾਲ ਚ ਪਰਵੇਸ਼ ਕਰਨ ਤੇ ਮੁਬਾਰਕ ਦਿੱਤੀ ਅਤੇ ਗੁਰਭਜਨ ਗਿੱਲ ਨੂੰ ਬਲਰਾਜ ਸਾਹਨੀ ਪੁਰਸਕਾਰ ਦੀ ਵਧਾਈ ਦਿੱਤੀ। ਸਨਮਾਨ ਤੋਂ ਪਹਿਲਾਂ ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਸਨਮਾਨ ਪੱਤਰ ਪੜ੍ਹਿਆ ਜਿਸ ਚ ਉਨ੍ਹਾਂ ਕਿਹਾ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਅਜਿਹੇ ਲੇਖਕ ਹਨ, ਜਿਨ੍ਹਾਂ ਕਵਿਤਾ, ਗਜ਼ਲ ਅਤੇ ਗੀਤਾਂ ਦੀਆਂ ਵੰਨਗੀਆਂ ਨਾਲ ਸਜੀਆਂ 14 ਮੌਲਿਕ ਕਿਤਾਬਾਂ ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖ਼ੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰ ਪੰਖ, ਮਨ ਤੰਦੂਰ, ਗੁਲਨਾਰ, ਮਿਰਗਾਵਲੀ, ਰਾਵੀ, ਮਨ ਪਰਦੇਸੀ ਰਾਹੀਂ ਧਰਤੀ ਦਾ ਦੁਖ ਸੁਖ ਸਮਝਿਆ ਤੇ ਸੰਭਾਲਿਆ। ਉਨ੍ਹਾਂ ਦੱਸਿਆ ਕਿ ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ 2010 ਤੋਂ 2014 ਤੀਕ ਚਾਰ ਸਾਲ ਪ੍ਰਧਾਨ ਰਹੇ ਹਨ ਅਤੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ 1978 ਤੋਂ ਲੈ ਕੇ 2014 ਤੀਕ ਲਗ ਪਗ ਪੈਂਤੀ ਸਾਲ ਪ੍ਰਮੁੱਖ ਅਹੁਦੇਦਾਰ ਰਹੇ ਹਨ। ਇਸ ਵਕਤ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ, ਬੱਸੀਆਂ ਕੋਠੀ (ਰਾਏਕੋਟ)ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਵੀ ਚੇਅਰਮੈਨ ਵੀ ਹਨ । ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਤੇ ਪਾਕਿਸਤਾਨ ਵਿੱਚ ਪਿਛਲੇ 15 ਸਾਲ ਵਿੱਚ ਅਨੇਕਾਂ ਅੰਤਰ ਰਾਸ਼ਟਰੀ ਸੈਮੀਨਾਰਾਂ ਤੇ ਕਾਨਫਰੰਸਾਂ ਚ ਹਿੱਸਾ ਲੈ ਚੁਕੇ ਹਨ। ਸੱਰੀ(ਕੈਨੇਡਾ) ਚ ਸਥਾਪਤ ਪੰਜਾਬ ਭਵਨ ਦੀ ਸਥਾਪਨਾ ਕਰਵਾਉਣ ਲਈ ਆਪ ਜੀ ਦਾ ਯੋਗਦਾਨ ਇਤਿਹਾਸਕ ਮੀਲ ਪੱਥਰ ਹੈ। ਆਵਰ ਸਪੇਸ ਸਿਨੇਮਾ ਦੇ ਚੇਅਰਮੈਨ ਪਰਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਦੂਜੇ ਸੈਸ਼ਨ ਵਿੱਚ ਫਿਲਮ ਨਿਰਮਾਤਾ ਹਰਜੀਤ ਸਿੰਘ ਦੂਰਦਰਸ਼ਨ, ਫਿਲਮ ਲੇਖਕ ਬਲਦੇਵ ਗਿੱਲ(ਚੰਨ ਪਰਦੇਸੀ) ਪੰਜਾਬੀ ਕਵੀ ਬੀਬਾ ਬਲਵੰਤ ਵਿਸ਼ਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉੱਘੀ ਸਮਾਜ ਸੇਵਿਕਾ ਰਾਧਿਕਾ ਜੈਤਵਾਨੀ, ਉੱਘੇ ਲੇਖਕ ਡਾ: ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਹਰਬੰਸ ਸਿੰਘ ਘੇਈ, ਜਸਮੇਰ ਸਿੰਘ ਢੱਟ ਚੇਅਰਮੈਨ ਸਭਿਆਚਾਰਕ ਸੱਥ, ਭਜਨ ਸਿੰਘ ਸਿੱਧੂ ਡੈਂਟਲ ਡਾਕਟਰ ਡਾ: ਜੈ ਦੇਵ ਸਿੰਘ ਢਿੱਲੋਂ ਡਾ: ਮਲਕੀਤ ਸਿੰਘ ਔਲਖ, ਸੰਗੀਤਾ ਭੰਡਾਰੀ, ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਨੱਤ, ਡਾ: ਮਾਨ ਸਿੰਘ ਤੂਰ, ਰਾਜਦੀਪ ਤੂਰ , ਹਰਜੀਤ ਸਿੰਘ ਖਾਲਸਾ, ਪ੍ਰਭਜੋਤ ਸਿੰਘ ਸਮੇਤ ਸੈਂਕੜੇ ਸਿਰਕੱਢ ਵਿਅਕਤੀ ਹਾਜ਼ਰ ਸਨ। ਅੱਜ ਕੁੱਲ ਨੌਂ ਲਘੂ ਫਿਲਮਾਂ ਵਿਖਾਈਆਂ ਗਈਆਂ ਜਿੰਨ੍ਹਾਂ ਦਾ ਆਰੰਭ ਇੱਕ ਓਂਕਾਰ ਤੇ ਲੋਰੀ ਨਾਲ ਕੀਤਾ ਗਿਆ।