ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਦਿੱਤੀ ਜਾਵੇਗੀ ਤਰਜ਼ੀਹ - ਵਧੀਕ ਡਿਪਟੀ ਕਮਿਸ਼ਨਰ

ਖੰਨਾ, ਰਾਏਕੋਟ, ਸਮਰਾਲਾ, ਜਗਰਾਓਂ, ਪਾਇਲ ਅਤੇ ਪੀ.ਏ.ਯੂ ਵਿਖੇ ਵੱਡੇ ਪੱਧਰ 'ਤੇ ਕੈਂਪਾ ਦਾ ਹੋਵੇਗਾ ਆਯੋਜਨ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਨੋਜਵਾਨ ਸਿਖਲਾਈ ਮੁਕੰਮਲ ਕਰਨ ਉਪਰੰਤ ਰੋਜ਼ਗਾਰ ਅਤੇ ਸਵੇ-ਰੋਜ਼ਗਾਰ ਦੇ ਕਾਬਲ ਹੋ ਸਕਣ. ਜ਼ਿਲਾ ਲੁਧਿਆਣਾ ਵਿਚੱ ਸੰਕਲਪ ਪ੍ਰੋਜੈਕਟ ਅਧੀਨ ਵੱਡੇ ਪੱਧਰ 'ਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਸਮਾਂ ਦੁਪਹਿਰ 12:30 ਵਜੇ ਤੋਂ ਸ਼ਾਮ 2:30 ਵਜੇ ਤੱਕ ਹੋਵੇਗਾ। ਇਹ ਕੈਂਪ ਲੜੀਵਾਰ ਮਿਤੀ 07 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਖੰਨਾ, 09 ਦਸੰਬਰ, ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ, ਰਾਏਕੋਟ, 10 ਦਸੰਬਰ ਸਰਕਾਰੀ ਆਈ.ਟੀ.ਆਈ.(ਲੜਕੇ), ਸਮਰਾਲਾ, 11 ਦਸੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ), ਜਗਰਾਓਂ, 12 ਦਸੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ), ਪਾਇਲ ਅਤੇ 13 ਦਸੰਬਰ ਪੀ.ਏ.ਯੂ. ਸਕਿੱਲ ਡਿਵੈਲਪਮੈਂਟ ਸੈਂਟਰ, ਪੀ.ਏ.ਯੂ. ਲੁਧਿਆਣਾ ਵਿਖੇ ਲੱਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਜਿਲੇ ਵਿੱਚ ਚਲ ਰਹੀਆਂ ਸਕਿੱਲ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਟ੍ਰੇਨਿੰਗ ਦੇ ਚਾਹਵਾਨ ਬੱਚਿਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ।