ਤੀਸਰੀ ਦੋ ਰੋਜ਼ਾ ਸਾਲਾਨਾ ਅੰਤਰਰਾਸ਼ਟਰੀ ਪਰਵਾਸੀ ਪੰਜਾਬੀ ਸਾਹਿੱਤ ਕਾਨਫ਼ਰੰਸ 23-24 ਜਨਵਰੀ ਨੂੰ ਹੋਵੇਗੀ

ਲੁਧਿਆਣਾ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਸਿਵਲ ਲਾਇਨਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ  ‘‘ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਸੰਦਰਭ ਵਿੱਚ" ਵਿਸ਼ੇ ‘ਤੇ ਮਿਤੀ 23-24 ਜਨਵਰੀ, 2020 ਨੂੰ ਦੋ ਰੋਜ਼ਾ ਸਾਲਾਨਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਕਾਨਫ਼ੰਰਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਨਫ਼ੰਰਸ ਪੰਜਾਬ ਭਵਨ ਸਰੀ, ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਸਟਰੇਲੀਆ, ਇੰਡੋਜ਼-ਕੈਨੇਡੀਅਨ ਸ਼ਾਸਤਰੀ ਇੰਸਟੀਚਿਊਟ, ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਅਤੇ ਪੰਜਾਬੀ ਅਕੈਡਮੀ, ਦਿੱਲੀ ਆਦਿ ਸੰਸਥਾਵਾਂ ਦੇ ਆਪਸੀ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਇਸ ਕਾਨਫ਼ਰੰਸ ਵਿਚ ਵੱਖ-ਵੱਖ ਮੁਲਕਾਂ ਤੋਂ ਪਰਵਾਸੀ ਪੰਜਾਬੀ ਲੇਖਕ ਤੇ ਵਿਦਵਾਨ ਚਿੰਤਕ ਉਚੇਚੇ ਤੋਰ ‘ਤੇ ਸ਼ਿਰਕਤ ਕਰਨਗੇ। ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਤੇ ਖੋਜ ਵਿਦਿਆਰਥੀਆਂ ਵੱਲੋਂ ਪਰਵਾਸੀ ਪੰਜਾਬੀ ਸਾਹਿਤ ‘ਤੇ ਆਧਾਰਿਤ ਖੋਜ ਪਰਚੇ ਪੜੇ ਜਾਣਗੇ। ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਤੇ ਸਾਬਕਾ ਵਾਈਸ ਚਾਂਸਲਰ (ਗੁਰੁ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ) ਡਾ. ਸ. ਪ. ਸਿੰਘ ਨੇ ਦੱਸਿਆ ਕਿ ਕਾਲਜ ਵਿੱਚ 2011 ਵਿਚ ਸਥਾਪਿਤ ਹੋਏ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਹੁਣ ਤੱਕ ਦਰਜਨ ਦੇ ਕਰੀਬ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ, ਕਾਨਫ਼ੰਰਸਾਂ, ਗੋਸ਼ਟੀਆਂ ਤੇ ਪਰਵਾਸੀ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਦੇ ਲੋਕ ਅਰਪਨ ਸਮਾਗਮਾਂ ਦਾ ਆਯੋਜਨ ਕਰ ਚੁੱਕਿਆ ਹੈ। ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਪਰਵਾਸੀ ਸਾਹਿਤ ‘ਤੇ ਆਧਾਰਿਤ ਸੱਤ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ ਤੇ ਚਾਰ ਪ੍ਰਕਾਸ਼ਨਾ ਅਧੀਨ ਹਨ।ਇਸ ਕੇਂਦਰ ਵੱਲੋਂ ਤ੍ਰੈ- ਮਾਸਿਕ ਪੱਤ੍ਰਿਕਾ 'ਪਰਵਾਸ'  ਨੂੰ ਵੀ  ਮੁੜ ਸੁਰਜੀਤ ਕੀਤਾ ਗਿਆ ਹੈ  | ਇਸ ਦੇ ਦੋ ਅੰਕ  ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ  ਤੀਸਰਾ ਅੰਕ  ਛਪਾਈ ਅਧੀਨ ਹੈ| ਉਨਾਂ ਨੇ ਕਿਹਾ ਕਿ ਇਸ ਕਾਨਫ਼ਰੰਸ ਦਾ ਉਦੇਸ਼ ਪਰਵਾਸੀ ਪੰਜਾਬੀ ਸਾਹਿਤ ਨੂੰ ਸੰਜੀਦਗੀ ਨਾਲ ਅਧਿਅਨ ਅਤੇ ਵਿਸ਼ਲੇਸ਼ਣ ਦਾ ਹਿੱਸਾ ਬਣਾਉਣਾ ਹੈ।