ਡਾ ਮਨਮੋਹਨ ਸਿੰਘ ਦਾ ਬਿਆਨ ਗਾਂਧੀ ਪਰਿਵਾਰ ਨੂੰ ਦੋਸ਼ ਮੁਕਤ ਕਰਨ ਦੀ ਮੰਦਭਾਗੀ ਕੋਸ਼ਿਸ਼: ਸੁਖਬੀਰ ਸਿੰਘ ਬਾਦਲ

ਕਿਹਾ ਕਿ ਪਰ ਇਸ ਨਾਲ ਸਾਡੇ ਪੱਖ ਦੀ ਪੁਸ਼ਟੀ ਹੋਈ ਕਿ ਫੌਜ ਸਿੱਖਾਂ ਦਾ ਕਤਲੇਆਮ ਰੋਕ ਸਕਦੀ ਸੀ

ਸਰਦਾਰ ਬਾਦਲ ਨੇ ਇਹ ਸਾਬਿਤ ਕਰਨ ਲਈ ਸਰਕਾਰੀ ਰਿਕਾਰਡ ਪੇਸ਼ ਕੀਤੇ ਕਿ ਰਾਜੀਵ ਨੇ ਫੌਜ ਦੀ ਤਾਇਨਾਤੀ ਦੇ ਖ਼ਿਲਾਫ ਫੈਸਲਾ ਲਿਆ ਸੀ

ਕਿਹਾ ਕਿ ਹੁਣ ਅਜਿਹੇ ਦਾਅਵੇ ਕਰਨਾ, ਜਦੋਂ ਰਾਓ ਅਤੇ ਗੁਜਰਾਲ ਇਸ ਦੁਨੀਆ ਵਿਚ ਨਹੀਂ ਹਨ, ਬਿਲਕੁੱਲ ਹੀ ਅਨੈਤਿਕ ਹਰਕਤ ਹੈ

ਚੰਡੀਗੜ੍ਹ,ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

 ਨਵੰਬਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਰੋਕਣ ਲਈ ਫੌਜ ਤਾਇਨਾਤ ਨਾ ਕਰਨ ਦਾ ਫੈਸਲਾ ਕਿਸੇ ਨੇ ਲਿਆ ਸੀ, ਦੇ ਮੁੱਦੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਘੇਰ ਲਿਆ ਹੈ। ਉਹਨਾਂ ਇਹ ਸਾਬਿਤ ਕਰਨ ਲਈ ਦਿੱਲੀ ਸਰਕਾਰ ਦੇ ਸਰਕਾਰੀ ਰਿਕਾਰਡਾਂ ਦਾ ਹਵਾਲਾ ਦਿੱਤਾ ਹੈ ਕਿ ਇਹ ਰਾਜੀਵ ਗਾਂਧੀ ਹੀ ਸੀ, ਜਿਸ ਨੇ ਦਿੱਲੀ ਦੇ ਅਧਿਕਾਰੀਆਂ ਦੇ ਫੌਜ ਸੱਦਣ ਦੀਆਂ ਸਿਫਾਰਿਸ਼ਾਂ ਨੂੰ ਠੁਕਰਾ ਦਿੱਤਾ ਸੀ। ਇਸ ਬਾਰੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰੀ ਰਿਕਾਰਡ ਬਿਲਕੁੱਲ ਸਪੱਸ਼ਟ ਕਰਦੇ ਹਨ ਕਿ   ਫੌਜ ਤਾਇਨਾਤ ਨਾ ਕਰਨ ਦਾ ਫੈਸਲਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਰਿਹਾਇਸ਼ ਉੱਤੇ ਸੱਦੀ ਮੀਟਿੰਗ ਵਿਚ ਲਿਆ ਗਿਆ ਸੀ। ਪਰੰਤੂ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਨੇ ਫੌਜ ਨਾ ਸੱਦਣ ਲਈ ਕਾਂਗਰਸ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ ਦਿੱਤੇ ਬਿਆਨ ਨੂੰ ਪੜ੍ਹ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ, ਜਿਹਨਾਂ ਨੇ ਨਵੰਬਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਰੋਕਣ ਲਈ ਫੌਜ ਨੂੰ ਨਾ ਸੱਦਣ ਵਾਸਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਦੋਸ਼ੀ ਠਹਿਰਾਇਆ ਹੈ।

ਡਾਕਟਰ ਮਨਮੋਹਨ ਸਿੰਘ ਦੇ ਬਿਆਨ ਨੂੰ 'ਰਾਜੀਵ ਗਾਂਧੀ ਅਤੇ ਨਹਿਰੂ ਗਾਂਧੀ ਪਰਿਵਾਰ ਦਾ ਦੋਸ਼ ਉਸ ਸਮੇਂ ਦੇ ਗ੍ਰਹਿ ਮੰਤਰੀ ਉੱਤੇ ਮੜ੍ਹਣ ਦੀ ਇੱਕ ਮੰਦਭਾਗੀ ਕੋਸ਼ਿਸ਼' ਕਰਾਰ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਡਾਕਟਰ ਸਿੰਘ ਵੱਲੋਂ ਕੀਤਾ ਦਾਅਵਾ ਨਾ ਸੱਚਾ ਅਤੇ ਨਾ ਹੀ ਢੁੱਕਵਾਂ ਹੈ।  ਉਹਨਾਂ ਕਿਹਾ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ ਹੈ। ਇਹ ਇਸ ਲਈ ਮੰਦਭਾਗਾ ਹੈ, ਕਿਉਂਕਿ ਇਹ ਡਾਕਟਰ ਮਨਮੋਹਨ ਸਿੰਘ ਵੱਲੋਂ ਕੀਤਾ ਗਿਆ ਹੈ, ਜਿਹਨਾਂ ਦਾ ਅਸੀਂ ਹਮੇਸ਼ਾਂ ਸਤਿਕਾਰ ਕੀਤਾ ਹੈ। ਇਹ ਬਿਆਨ ਇਸ ਲਈ ਨਿੰਦਣਯੋਗ ਹੈ, ਕਿਉਂਕਿ ਇਸ ਵਿਚ ਦੋ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਅਤੇ ਆਈਕੇ ਗੁਜਰਾਲ ਨੂੰ ਘਸੀਟਿਆ ਗਿਆ ਹੈ, ਜਿਹਨਾਂ ਵਿਚੋਂ ਕੋਈ ਵੀ ਇਸ ਦਾਅਵੇ ਦਾ ਖੰਡਨ ਕਰਨ ਲਈ ਇਸ ਸੰਸਾਰ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਡਾਕਟਰ ਸਿੰਘ ਨੇ ਇੰਨੇ ਸਾਲਾਂ ਦੌਰਾਨ ਇਸ ਮੁੱਦੇ ਉੱਪਰ ਚੁੱਪ ਧਾਰੀ ਰੱਖੀ, ਜਦੋਂ ਜਦੋਂ ਰਾਓ ਅਤੇ ਗੁਜਰਾਲ ਜੀਉਂਦੇ ਸਨ ਅਤੇ ਇਸ ਦਾ ਜੁਆਬ ਦੇ ਸਕਦੇ ਸਨ।

ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਡਾਕਟਰ ਸਿੰਘ ਦਾ ਬਿਆਨ ਸਪੱਸ਼ਟ ਰੂਪ ਵਿਚ ਸਾਡੇ ਪੱਖ ਦੀ ਪੁਸ਼ਟੀ ਕਰਦਾ ਹੈ ਕਿ ਆਜ਼ਾਦ ਭਾਰਤ ਅੰਦਰ ਵਾਪਰੇ ਉਸ ਸਭ ਤੋਂ ਦੁਖਾਂਤਕ ਕਤਲੇਆਮ ਨੂੰ ਬੜੀ ਆਸਾਨੀ ਨਾਲ ਰੋਕਿਆ ਜਾ ਸਕਦਾ, ਜੇਕਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹੱਥੋਂ ਬਾਹਰ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਸਮੇਂ ਸਿਰ ਫੌਜ ਸੱਦਣ ਦੀ ਆਗਿਆ ਦੇ ਦਿੱਤੀ ਹੁੰਦੀ। ਉਹਨਾਂ ਕਿਹਾ ਕਿ ਪਰ ਹੈਰਾਨੀ ਦੀ ਗੱਲ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਕਮਜ਼ੋਰ ਦਲੀਲ ਨਾਲ ਗਾਂਧੀ ਪਰਿਵਾਰ ਦੇ ਬਚਾਅ ਵਾਸਤੇ ਅੱਗੇ ਆਉਣ ਵਿਚ 35 ਸਾਲ ਲੱਗ ਗਏ।

ਸਰਦਾਰ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਰਿਕਾਰਡਾਂ ਨੂੰ ਦੁਬਾਰਾ ਚੈਕ ਕਰਨ, ਜਿਹਨਾਂ ਵਿਚ ਉਸ ਸਮੇਂ ਦੇ ਦਿੱਲੀ ਦੇ ਵਧੀਕ ਡਿਪਟੀ ਕਮਿਸ਼ਨਰ ਚੰਦਰ ਪਰਕਾਸ਼ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਫੌਜ ਨੂੰ ਨਾ ਸੱਦਣ ਦਾ ਫੈਸਲਾ ਪਹਿਲਾਂ ਹੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਰਿਹਾਇਸ਼ ਉੱਤੇ ਹੋਈ ਮੀਟਿੰਗ ਵਿਚ ਲਿਆ ਜਾ ਚੁੱਕਿਆ ਸੀ। ਆਪਣੇ ਸਰਕਾਰੀ ਰਿਕਾਰਡ ਵਿਚ ਡੀਸੀ ਨੇ ਲਿਖਿਆ ਸੀ ਕਿ ਉਹਨਾਂ ਨੇ ਫੌਜ ਤਾਇਨਾਤ ਕਰਨ ਅਤੇ ਕਰਫਿਊ ਲਗਾਉਣ ਦੀ ਸਿਫਾਰਿਸ਼ ਕੀਤੀ ਸੀ, ਪਰੰਤੂ ਦਿੱਲੀ ਦੇ ਵਧੀਕ ਪੁਲਿਸ ਕਮਿਸ਼ਨਰ ਗੌਤਮ ਕੌਲ ਨੇ ਮੇਰੇ ਸੁਝਾਅ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਤੇ ਕੁੱਝ ਸਮਾਂ ਪਹਿਲਾਂ ਇੱਕ ਮੀਟਿੰਗ ਹੋ ਚੁੱਕੀ ਹੈ ਅਤੇ ਉਸ ਮੀਟਿੰਗ ਵਿਚ ਫੌਜ ਨੂੰ ਨਾ ਸੱਦਣ ਅਤੇ  ਕਰਫਿਊ ਨਾ ਲਗਾਉਣ ਦਾ ਫੈਸਲਾ ਲਿਆ ਜਾ ਚੁੱਕਿਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਰਾਓ ਵਿਰੁੱਧ ਸਭ ਤੋਂ ਮਾੜਾ ਇਹੀ ਕਿਹਾ ਜਾ ਸਕਦਾ ਹੈ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਉਹ ਰਾਜੀਵ ਨਾਲ ਮਿਲ ਗਿਆ ਸੀ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਬਾਅਦ ਵਿਚ ਪ੍ਰਧਾਨ ਮੰਤਰੀ ਬਣੇ ਮਰਹੂਮ ਸ੍ਰੀ ਆਈਕੇ ਗੁਜਰਾਲ ਤੋਂ ਇਲਾਵਾ ਏਅਰ ਮਾਰਸ਼ਲ ਅਰਜਨ ਸਿੰਘ, ਲੈਫਟੀਨੈਂਟ ਜਨਰਲ ਜੇ ਐਸ ਅਰੋੜਾ, ਉੱਘੇ ਲੇਖਕ ਪਤਵੰਤ ਸਿੰਘ ਅਤੇ ਕਪੂਰਥਲਾ ਸ਼ਾਹੀ ਪਰਿਵਾਰ ਦੇ ਸੁਖਜੀਤ ਸਿੰਘ ਵੱਲੋਂ ਵੀ  ਕੀਤੀ ਗਈ ਸੀ, ਜਿਹੜੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਮਿਲੇ ਸਨ ਅਤੇ ਉਸ ਨੂੰ ਫੌਜ ਤਾਇਨਾਤ ਕਰਨ ਦੀ ਬੇਨਤੀ ਕੀਤੀ ਸੀ। ਪਰੰਤੂ ਗਿਆਨੀ ਜੀ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਨਰਸਿਮਹਾ ਰਾਓ ਕੋਲ ਭੇਜ ਦਿੱਤਾ ਸੀ। ਪਰੰਤੂ ਜਦੋਂ ਇਹਨਾਂ ਉੱਘੇ ਪੰਜਾਬੀਆਂ ਨੇ ਸ੍ਰੀ ਰਾਓ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗ੍ਰਹਿ ਮੰਤਰੀ ਦੇ ਸਟਾਫ ਵੱਲੋਂ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਰਾਓ  ਰਾਜੀਵ ਗਾਂਧੀ ਦੇ ਘਰ ਮੀਟਿੰਗ ਵਿਚ ਸੀ। ਸਰਦਾਰ ਬਾਦਲ ਨੇ ਕਿਹਾ ਕਿ ਬਾਅਦ ਵਿਚ ਡਿਪਟੀ ਕਮਿਸ਼ਨਰ ਚੰਦਰ ਪ੍ਰਕਾਸ਼ ਨੇ ਗੌਤਮ ਕੌਲ ਦਾ ਹਵਾਲਾ ਦਿੱਤਾ ਸੀ, ਜਿਸ ਨੇ ਇਸੇ ਮੀਟਿੰਗ ਬਾਰੇ ਦੱਸਦਿਆਂ ਕਿਹਾ ਸੀ ਕਿ ਫੌਜ ਨਾ ਸੱਦਣ ਦਾ ਫੈਸਲਾ ਲਿਆ ਜਾ ਚੁੱਕਿਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਹੀ ਡਾਕਟਰ ਸਿੰਘ ਦਾ ਬਹੁਤ ਸਤਿਕਾਰ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਡਾਕਟਰ ਸਿੰਘ ਦੇ ਦਿਲ ਦਾ ਆਪਰੇਸ਼ਨ ਹੋਇਆ ਸੀ ਤਾਂ ਸਰਦਾਰ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹਨਾਂ ਦੀ ਤੰਦਰੁਸਤੀ ਲਈ ਆਖੰਡ ਪਾਠ ਵੀ ਕਰਵਾਇਆ ਸੀ। ਉਹਨਾਂ ਲਈ ਸਾਡਾ ਸਤਿਕਾਰ ਹਮੇਸ਼ਾਂ ਬਣਿਆ ਰਹੇਗਾ, ਪਰੰਤੂ ਡਾਕਟਰ ਸਿੰਘ ਦੇ ਤਾਜ਼ਾ ਬਿਆਨ ਨੇ ਸਾਨੂੰ, ਸਮੁੱਚੇ ਸਿੱਖ ਭਾਈਚਾਰੇ ਨੂੰ ਅਤੇ ਦੇਸ਼ ਦੇ ਸਹੀ ਸੋਚ ਰੱਖਣ ਵਾਲੇ ਸਾਰੇ ਵਿਅਕਤੀਆਂ ਨੂੰ ਵੱਡੀ ਠੇਸ ਪਹੁੰਚਾਈ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਨੇ ਫੌਜ ਨੂੰ ਉਹਨਾਂ ਸਿੱਖਾਂ ਦੀ ਮੱਦਦ ਲਈ ਆਉਣ ਦੀ ਆਗਿਆ ਨਹੀਂ ਸੀ ਦਿੱਤੀ, ਜਿਹਨਾਂ ਨੂੰ ਗਾਂਧੀ ਪਰਿਵਾਰ ਦੇ ਨਿਰਦੇਸ਼ਾਂ ਉੱਤੇ ਕਾਂਗਰਸੀ ਗੁੰਡਿਆਂ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਐਨਡੀਏ ਸਰਕਾਰ ਨੂੰ ਰਾਜੀਵ ਗਾਂਧੀ ਨੂੰ ਮਰਨ ਉਪਰੰਤ ਦਿੱਤਾ 'ਭਾਰਤ ਰਤਨ' ਦਾ ਖ਼ਿਤਾਬ ਵਾਪਸ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਤੁਰੰਤ ਸਾਰੀਆਂ ਸੰਸਥਾਵਾਂ, ਹਵਾਈ ਅੱਡਿਆਂ, ਸਰਕਾਰੀ ਇਮਾਰਤਾਂ ਅਤੇ ਸਕੀਮਾਂ ਉੱਪਰੋਂ ਗਾਂਧੀ ਪਰਿਵਾਰ ਦੇ ਮੈਬਰਾਂ ਦੇ ਨਾਂ ਹਟਾ ਦੇਣੇ ਚਾਹੀਦੇ ਹਨ।