ਗਰੌਜ਼ ਬੈਕਰਟ-ਨਿਫ਼ਟ ਸਕਿੱਲ ਡਿਵੈੱਲਪਮੈਂਟ ਫਸਿਲਟੀ ਵਿਖੇ ਸਰਟੀਫਿਕੇਟ ਵੰਡ ਸਮਾਰੋਹ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਗਰੌਜ਼ ਬੈਕਰਟ ਏਸ਼ੀਆ ਪ੍ਰਾਈਵੇਟ ਲਿਮਿਟਡ ਵੱਲੋਂ ਸੀ. ਐੱਸ. ਆਰ. ਗਤੀਵਿਧੀਆਂ ਅਧੀਨ ਸਥਾਪਤ ਕੀਤੇ ਗਏ ਨਿਫ਼ਟ ਸਕਿੱਲ ਡਿਵੈੱਲਪਮੈਂਟ ਫਸਿਲਟੀ ਵਿਖੇ ਸਰਟੀਫਿਕੇਸ਼ਨ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ 330 ਘੰਟੇ ਦਾ ਸਿਲਾਈ ਮਸ਼ੀਨ ਆਪਰੇਟਰ ਟ੍ਰੇਨਿੰਗ ਪ੍ਰੋਗਰਾਮ ਤਹਿਤ 6ਵੇਂ ਬੈਚ ਦਾ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਸਰਟੀਫਿਕੇਟ ਵੰਡਣ ਦੀ ਰਸਮ ਮੈਨੇਜਿੰਗ ਡਾਇਰੈਕਟਰ ਡਾ. ਐਂਟੋਨ ਰੀਨਫੈੱਲਡਰ ਅਤੇ ਸਟੀਫਨ ਲੇਸਰ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਮੌਕੇ ਸੰਜੇ ਚਾਵਲਾ, ਹਰਵਿੰਦਰ ਸਿੰਘ, ਸੰਜੇ ਸ਼ਰਮਾ, ਸ਼ਸ਼ੀ ਕੰਵਲ, ਏ. ਪੀ. ਓ. ਅਵਤਾਰ ਸਿੰਘ, ਸ੍ਰੀਮਤੀ ਕਾਮਿਨੀ ਸ਼ੁਕਲਾ, ਵਿਕਰਮ ਚੋਪੜਾ, ਹਰਪ੍ਰੀਤ ਸਿੰਘ, ਸਮੁੰਦਰ ਸਿੰਘ, ਡਾ. ਮੀਤਾ ਗਾਵਰੀ ਅਤੇ ਹੋਰ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰੀਨਫੀਲਡਰ ਨੇ ਕਿਹਾ ਕਿ ਜਰਮਨੀ ਵਰਗੇ ਦੇਸ਼ ਵਿੱਚ ਤਕਨੀਕੀ ਸਿੱਖਿਆ ਅਤੇ ਹੁਨਰਮੰਦਾਂ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਤਕਨੀਕੀ ਤੌਰ 'ਤੇ ਹੁਨਰਮੰਦ ਹੋ ਕੇ ਆਪਣੇ ਪੈਰਾਂ 'ਤੇ ਖੜੇ ਹੋਣ ਨੂੰ ਤਰਜੀਹ ਦੇਣ। ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਮਹੇਸ਼ ਖੰਨਾ ਨੇ ਨਿਫ਼ਟ ਵੱਲੋਂ ਸੰਸਥਾ ਦੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇਣ ਦੇ ਨਾਲ-ਨਾਲ ਵਿਵਹਾਰਕ ਤੌਰ 'ਤੇ ਮਜ਼ਬੂਤ ਕਰਨ ਲਈ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਖੰਨਾ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵੇ ਸਹਿਤ ਵਰਨਣ ਕੀਤਾ। ਨਿਫ਼ਟ ਵੱਲੋਂ ਹਰਪ੍ਰੀਤ ਸਿੰਘ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।