ਮਿਤੀ 1 ਦਸੰਬਰ, 2019 (੧੬ ਮੱਘਰ) ਨੂੰ ਇਤਿਹਾਸਿਕ ਦਿਹਾੜਾ 

ਸ਼ਹੀਦੀ ਪੁਰਬ : ਸ੍ਰੀ ਗੁਰੂ ਤੇਗ ਬਹਾਦਰ ਜੀ 

ਨੋਟ: ਉਪਰੋਕਤ ਮਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਈ ਗਈ ਹੈ। ਪਰ, ਇਸ ਕੈਲੰਡਰ ਦੀਆਂ ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁੱਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

ਮਾਤਾ ਜੀ : ਮਾਤਾ ਨਾਨਕੀ ਜੀ 

ਪਿਤਾ ਜੀ : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 

ਜਨਮ ਮਿਤੀ : 5 ਵਿਸਾਖ, ਸੰਮਤ 1678 ਬਿ. (1 ਅਪ੍ਰੈਲ, 1621 ਈ.)

ਜਨਮ ਸਥਾਨ :  ਸ੍ਰੀ ਅੰਮ੍ਰਿਤਸਰ ਸਾਹਿਬ (ਗੁਰੂ ਕੇ ਮਹਿਲ) 

ਮਹਿਲ : ਮਾਤਾ ਗੁਜਰ ਕੌਰ ਜੀ 

ਸੰਤਾਨ : ਸ੍ਰੀ ਗੁਰੂ ਗੋਬਿੰਦ ਸਿੰਘ ਜੀ 

ਸ਼ਹੀਦੀ ਦਿਨ : 11 ਮੱਘਰ, ਸੰਮਤ 1732 ਬਿ. (11 ਨਵੰਬਰ, 1675 ਈ.) 

ਸ਼ਹੀਦੀ ਸਥਾਨ : ਚਾਂਦਨੀ ਚੌਂਕ, ਦਿੱਲੀ  

ਮੁੱਢਲਾ ਜੀਵਨ :

ਬਚਪਨ ਤੋਂ ਹੀ ਆਪ ਜੀ ਦਲੇਰ, ਤਿਆਗੀ, ਪਰਉਪਕਾਰੀ ਅਤੇ ਸਾਧੂ ਸੁਭਾਅ ਦੇ ਮਾਲਕ ਸਨ। ਗੁਰਮਤਿ ਦੀ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਆਪ ਜੀ ਨੇ ਯੁੱਧ ਕਲਾ ਵੀ ਸਿੱਖੀ। ਆਪ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਉਹ ਜੌਹਰ ਦਿਖਾਏ ਕਿ ਆਪ ਜੀ ਦੇ ਪਿਤਾ ਜੀ, ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਉੱਤੇ ਪ੍ਰਸੰਨ ਹੋ ਕੇ ਆਪ ਜੀ ਦਾ ਨਾਂ ਤਿਆਗ ਮੱਲ ਤੋਂ ਬਦਲ ਕੇ *ਤੇਗ ਬਹਾਦਰ* ਰੱਖ ਦਿੱਤਾ।

ਗੁਰੂ ਜੀ ਦੁਅਾਰਾ ਸ੍ਰੀ ਅਨੰਦਪੁਰ ਸਾਹਿਬ  ਵਸਾੳੁਣਾ :

 ਗੁਰੂ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਪਾਸੋਂ ਮਾਖੋਵਾਲ ਪਿੰਡ ਦੀ ਜ਼ਮੀਨ ਮੁੱਲ ਲੈ ਕੇ ਅਕਤੂਬਰ 1665 ਈ. ਵਿੱਚ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ। ਇਸ ਨਗਰ ਦਾ ਪਹਿਲਾ ਨਾਂ ਚੱਕ ਨਾਨਕੀ ਸਤਿਗੁਰਾਂ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ, ਜੋ ਬਾਅਦ ਵਿੱਚ ਅਨੰਦਪੁਰ ਸਾਹਿਬ (ਅਨੰਦਾਂ ਦੀ ਪੁਰੀ) ਦੇ ਨਾਂ ਨਾਲ ਪ੍ਰਸਿੱਧ ਹੋਇਆ। 

ਪ੍ਰਚਾਰ ਦੌਰੇ :

 ਆਪਣੇ ਪ੍ਰਚਾਰ ਦੌਰਿਆਂ ਦੌਰਾਨ ਗੁਰੂ ਜੀ ਪੰਜਾਬ ਦੇ ਪਿੰਡਾਂ ਤੋਂ ਇਲਾਵਾ ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਮਥੁਰਾ, ਆਗਰਾ, ਕਾਨਪੁਰ, ਇਲਾਹਾਬਾਦ, ਬਨਾਰਸ, ਗਯਾ, ਢਾਕਾ ਅਤੇ ਆਸਾਮ ਆਦਿ ਦੇ ਇਲਾਕਿਆਂ ਵਿੱਚ ਗਏ। ਗੁਰੂ ਜੀ ਨੇ ਧੂਬੜੀ (ਅਸਾਮ) ਵਿਖੇ ਰਾਜਾ ਰਾਮ ਸਿੰਘ ਅਤੇ ਹੋਮੀ ਕਬੀਲੇ ਦੇ ਸਰਦਾਰ ਚੱਕਰਧਵੱਜ ਵਿੱਚ ਸੁਲ੍ਹਾ ਕਰਵਾਈ। ਗੁਰੂ ਸਾਹਿਬ ਦੇ ਉਪਦੇਸ਼ਾਂ ਨੇ ਦੋਹਾਂ ਧਿਰਾਂ ਦੇ ਮਨਾਂ ਵਿੱਚੋਂ ਵੈਰ ਭਾਵਨਾ ਨੂੰ ਖਤਮ ਕਰ ਦਿੱਤਾ। ਇਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ ਗੁਰੂ ਜੀ ਨੇ ਮੁੱਖ ਤੌਰ ਤੇ ਲੋਕਾਂ ਨੂੰ ਨਾ ਕਿਸੇ ਤੋਂ ਡਰਨ ਅਤੇ ਨਾ ਹੀ ਕਿਸੇ ਨੂੰ ਡਰਾਉਣ ਦੀ ਪ੍ਰੇਰਨਾ ਕਰਕੇ ਉਨ੍ਹਾਂ ਅੰਦਰ ਕੁਰਬਾਨੀ ਦਾ ਜਜ਼ਬਾ ਭਰਿਆ।

ਅੌਰੰਗਜ਼ੇਬ ਦੇ ਅੱਤਿਆਚਾਰ :

ਮੁਗਲ ਬਾਦਸ਼ਾਹ ਅੌਰੰਗਜ਼ੇਬ ਨੇ 1658 ਈ. ਤੋਂ 1707 ਈ. ਤੱਕ ਦੇ ਆਪਣੇ ਰਾਜ ਦੇ ਸਮੇਂ ਦੌਰਾਨ ਭਾਰਤ ਵਿੱਚ ਹਰ ਪਾਸੇ ਬਹੁਤ ਜ਼ੁਲਮ ਕੀਤੇ। ਉਸ ਦੇ ਹੁਕਮ ਨਾਲ ਦੇਸ਼ ਅੰਦਰ ਧਾਰਮਿਕ ਕੱਟੜਤਾ ਦੀ ਲਹਿਰ ਚਲਾਈ ਗਈ, ਜਿਸ ਤਹਿਤ ਹਿੰਦੂ ਲੋਕਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੱਢਿਆ ਜਾਣ ਲੱਗਿਆ। ਅੌਰੰਗਜ਼ੇਬ ਨੇ 1674 ਈ. ਵਿੱਚ ਫ਼ੈਸਲਾ ਕੀਤਾ ਕਿ ਗੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾੲਿਅਾ ਜਾਵੇ। ਉਸ ਨੇ ਇਸ ਲਈ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਚੁਣਿਅਾ ਕਿਉਂਕਿ ਉਹ ਸੋਚਦਾ ਸੀ ਕਿ ਕਸ਼ਮੀਰ ਦੇ ਪੰਡਿਤ ਬਹੁਤ ਵਿਦਵਾਨ ਹਨ। ਇਸ ਲਈ ਜੇਕਰ ਉਹ ਇਸਲਾਮ ਧਰਮ ਅਪਣਾ ਲੈਣਗੇ ਤਾਂ ਬਾਕੀ ਦੇ ਆਮ ਲੋਕ ਵੀ ਉਨ੍ਹਾਂ ਵੱਲ ਵੇਖ ਕੇ ਅਸਾਨੀ ਨਾਲ ਆਪਣਾ ਧਰਮ ਬਦਲ ਲੈਣਗੇ।

ਕਸ਼ਮੀਰੀ ਪੰਡਿਤਾਂ ਦੀ ਪੁਕਾਰ :

 ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਬਚਾਉਣ ਦੀ ਫਰਿਆਦ ਲੈ ਕੇ, ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ, ਕੁੱਝ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਵਫ਼ਦ ਸ੍ਰੀ ਅਨੰਦਪੁਰ ਸਾਹਿਬ ਪੁੱਜਾ। 25 ਮਈ, 1675 ਈ. ਨੂੰ ਉਨ੍ਹਾਂ ਦੀ ਮੁਲਾਕਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਈ। ਸਤਿਗੁਰਾਂ ਨੇ ਕਸ਼ਮੀਰੀ ਪੰਡਿਤਾਂ ਦੇ ਦੁੱਖ ਨੂੰ ਬਹੁਤ ਹਮਦਰਦੀ ਨਾਲ ਸੁਣਿਅਾ। ਗੁਰੂ ਜੀ ਨੇ ਸੋਚ ਵਿਚਾਰ ਕਰਨ ਉਪਰੰਤ ਇਹ ਬਚਨ ਕੀਤਾ ਕਿ ਇਹ ਸੰਕਟ ਤਾਂ ਟਲ ਸਕਦਾ ਹੈ, ਜੇਕਰ ਕੋਈ ਮਹਾਨ ਵਿਅਕਤੀ ਆਪਣਾ ਬਲੀਦਾਨ ਦੇਵੇ। ਇਹ ਸੁਣ ਕੇ ਪਾਸ ਬੈਠੇ ਬਾਲ ਸ੍ਰੀ ਗੋਬਿੰਦ ਰਾੲਿ ਜੀ ਨੇ ਕਿਹਾ ਕਿ ਪਿਤਾ ਜੀ! ਤੁਹਾਡੇ ਤੋਂ ਮਹਾਨ ਵਿਅਕਤੀ ਹੋਰ ਕੌਣ ਹੋ ਸਕਦਾ ਹੈ? ਇਹ ਸੁਣ ਕੇ ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਬਾਦਸ਼ਾਹ ਨੂੰ ਲਿਖ ਭੇਜੋ ਕਿ ਗੁਰੂ ਤੇਗ ਬਹਾਦੁਰ ਸਾਡੇ ਧਾਰਮਿਕ ਰਹਿਬਰ ਹਨ। ਜੇਕਰ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ। ਇਸ ਤਰ੍ਹਾਂ ਗੁਰੂ ਜੀ ਨੇ ਅੌਰੰਗਜ਼ੇਬ ਦੇ ਜ਼ੁਲਮ ਨੂੰ ਵੰਗਾਰਿਆ। 

ਗੁਰੂ ਸਾਹਿਬ ਜੀ ਦੀ ਸ਼ਹੀਦੀ :

 ਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਣ ਵੇਲੇ ਸੰਗਤਾਂ ਨੂੰ ਬਚਨ ਕੀਤਾ ਕਿ ਸਾਡੇ ਤੋਂ ਬਾਅਦ ਗੁਰਿਅਾੲੀ ਦੀ ਜ਼ੁੰਮੇਵਾਰੀ ਗੋਬਿੰਦ ਰਾੲਿ ਜੀ ਸੰਭਾਲਣਗੇ। ਮਿਤੀ 11 ਜੁਲਾਈ, 1675 ਈ. ਨੂੰ ਗੁਰੂ ਜੀ ਪੰਜ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ। ਉਸ ਸਮੇਂ ਭਾਵੇਂ ਅੌਰੰਗਜ਼ੇਬ ਦਿੱਲੀ ਵਿੱਚ ਨਹੀਂ ਸੀ, ਪਰ ਉਸ ਦੇ ਹੁਕਮ ਨਾਲ ਹੀ ਸਭ ਕੁਝ ਹੋ ਰਿਹਾ ਸੀ। ਅੌਰੰਗਜ਼ੇਬ ਦੇ ਭੇਜੇ ਹੁਕਮ ਅਨੁਸਾਰ ਸਥਾਨਕ ਹਾਕਮਾਂ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਅਾਂ, *'ਇਸਲਾਮ ਕਬੂਲ ਕਰੋ, ਕਰਾਮਾਤ ਵਿਖਾਓ ਜਾਂ ਮੌਤ ਕਬੂਲ ਕਰੋ।'* ਗੁਰੂ ਜੀ ਨੇ ਉੱਤਰ ਦਿੱਤਾ ਕਿ *ਸਾਡੇ ਲੲੀ ਆਪਣਾ ਧਰਮ ਪਿਆਰਾ ਹੈ; ਕਰਾਮਾਤ ਕਹਿਰ ਦਾ ਨਾਂ ਹੈ, ਇਹ ਅਸਾਂ ਦਿਖਾੳੁਣੀ ਨਹੀਂ, ਕਿਉਂਕਿ ਇਹ ਗੁਰੂ ਅਾਸ਼ੇ ਦੇ ੳੁਲਟ ਹੈ। ਤੀਸਰੀ ਰਹੀ ਮੌਤ ਦੀ ਗੱਲ, ਇਸ ਨੂੰ ਅਸੀਂ ਪ੍ਰਵਾਨ ਕਰਦੇ ਹਾਂ।* ਇਹ ਸੁਣ ਕੇ ਸਤਿਗੁਰਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਇਹ ਵਰਤਾਰਾ ਵੇਖਣ ਵਾਲਿਆਂ ਦੀ ਭੀੜ ਲੱਗ ਗਈ। ਗੁਰੂ ਜੀ ਨੂੰ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਲਈ ਮਾਨਸਿਕ ਤੌਰ ਤੇ ਡਰਾਉਣ ਧਮਕਾਉਣ ਦੇ ਨਾਲ ਨਾਲ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਿਆਰੇ ਤਿੰਨ ਸਿੱਖਾਂ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਸਾਹਿਬ ਤਸੀਹਿਆਂ ਤੋਂ ਡਰ ਕੇ ਈਨ ਮੰਨ ਲੈਣ ਅਤੇ ਮੁਸਲਮਾਨ ਧਰਮ ਕਬੂਲ ਲੈਣ। ਇਸ ਤਹਿਤ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਆਰੇ ਨਾਲ ਚੀਰਿਅਾ ਗਿਅਾ। ਫਿਰ ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜੀਅ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸਾੜਿਅਾ ਗਿਅਾ। ੲਿਹਨਾਂ ਤੋਂ ਬਾਅਦ ਭਾਈ ਦਿਅਾਲਾ ਜੀ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਕੇ ਉਬਾਲਿਅਾ ਗਿਅਾ। ਗੁਰੂ ਜੀ ਦੇ ਤਿੰਨ ਪਿਆਰੇ ਸਿੱਖ, ਆਪਣਾ ਸਿੱਖੀ ਸਿਦਕ ਨਿਭਾੳੁਂਦੇ ਹੋਏ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ। ਤਿੰਨਾਂ ਸਿੱਖਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੂੰ ਆਪਣਾ ਫ਼ੈਸਲਾ ਬਦਲਣ ਲਈ ਮਜ਼ਬੂਰ ਕੀਤਾ ਗਿਆ ਪਰ ਗੁਰੂ ਸਾਹਿਬ ਨੇ ਸ਼ਹੀਦੀ ਨੂੰ ਪ੍ਰਵਾਨ ਕੀਤਾ ਅਤੇ 11 ਨਵੰਬਰ, 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਲਾਦ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਨਾਲ ਧੜ ਤੋਂ ਵੱਖ ਕਰਨ ਦਾ ਕਹਿਰ ਕਮਾਇਆ। ਇਸ ਸਥਾਨ ਉੱਤੇ ਹੁਣ ਗੁਰਦੁਵਾਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਕੇ ਮੁਗਲ ਹਕੂਮਤ ਦੁਆਰਾ ਭਾਰਤ ਦੇ ਗਲ਼ ਪਾਈਆਂ ਗੁਲਾਮੀ ਦੀਆਂ ਜ਼ੰਜੀਰਾਂ ਸਦਾ ਲਈ ਤੋੜਨ ਦਾ ਬਿਗਲ ਵਜਾ ਦਿੱਤਾ। 

ਸੀਸ ਦਾ ਸਸਕਾਰ :

 ਗੁਰੂ ਜੀ ਦੀ ਸ਼ਹੀਦੀ ਉਪਰੰਤ ਭਾਈ ਜੈਤਾ ਜੀ ਨੇ ਬਹੁਤ ਹੀ ਫੁਰਤੀ ਅਤੇ ਨਿਡਰਤਾ ਨਾਲ ਹਾਕਮਾਂ ਨੂੰ ਬਿਨਾਂ ਪਤਾ ਲੱਗਣ ਦਿੱਤੇ ਸਤਿਗੁਰਾਂ ਦਾ ਸੀਸ ਉਠਾ ਲਿਆ। ਇਸ ਨਿਰਭੈ ਸੂਰਮੇ ਨੇ ਜ਼ਾਲਮ ਹਕੂਮਤ ਦੀ ਪ੍ਰਵਾਹ ਨਹੀਂ ਕੀਤੀ ਤੇ ਦਿਨ ਰਾਤ ਚੱਲਦਾ ਹੋਇਆ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਿਅਾ। ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਗਲ਼ ਨਾਲ ਲਾੲਿਅਾ ਅਤੇ ਪਿਆਰ ਨਾਲ ਬਚਨ ਕਹੇ, 'ਰੰਘਰੇਟੇ ਗੁਰ ਕੇ ਬੇਟੇ।' ਜਿੱਥੇ ਨੌਵੇਂ ਪਾਤਸ਼ਾਹ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਅਾ, ੳੁੱਥੇ ਅਨੰਦਪੁਰ ਸਾਹਿਬ ਵਿਖੇ ਗੁਰਦੁਵਾਰਾ ਸੀਸ ਗੰਜ ਸਾਹਿਬ ਸਸ਼ੋਭਿਤ ਹੈ।

ਗੁਰੂ ਜੀ ਦੇ ਧੜ ਦਾ ਸਸਕਾਰ :

 ਸਤਿਗੁਰਾਂ ਦੇ ਧੜ ਨੂੰ ਸੰਭਾਲਣ ਦੀ ਸੇਵਾ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਕੀਤੀ। ਉਹ ਸਮਾਂ ਦੇਖ ਕੇ ਸਤਿਗੁਰਾਂ ਦਾ ਧੜ ੳੁਠਾ ਕੇ ਘਰ ਲੈ ਅਾੲੇ। ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਚਿਖਾ ਬਣਾ ਕੇ ਸਤਿਕਾਰ ਨਾਲ ਸਤਿਗੁਰਾਂ ਦੀ ਦੇਹ ਰੱਖੀ ਤੇ ਘਰ ਨੂੰ ਹੀ ਅੱਗ ਲਗਾ ਦਿੱਤੀ। ਜਿੱਥੇ ਗੁਰੂ ਜੀ ਦੇ ਸਰੀਰ ਦਾ ਸਸਕਾਰ ਹੋਇਆ, ੲਿੱਥੇ ਗੁਰਦੁਵਾਰਾ 'ਰਕਾਬ ਗੰਜ ਸਾਹਿਬ' (ਦਿੱਲੀ) ਸੁਸ਼ੋਭਿਤ ਹੈ। 

ਸ੍ਰਿਸ਼ਟੀ ਦੀ ਚਾਦਰ :

 ਆਪਣਾ ਬਲੀਦਾਨ ਦੇ ਕੇ ਨੌਵੇਂ ਪਾਤਸ਼ਾਹ, ਸ੍ਰੀ ਗੁਰੂ ਤੇਗ ਬਹਾਦਰ ਜੀ, ਨੇ ਸਿਰਫ਼ ਹਿੰਦੂ ਧਰਮ ਦੇ ਤਿਲਕ ਤੇ ਜੰਞੂ ਨੂੰ ਹੀ ਨਹੀਂ ਬਚਾਇਆ ਸਗੋਂ ਸਾਰੀ ਮਨੁੱਖਤਾ ਦੀ ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਦੀ ਅਵਾਜ਼ ਬੁਲੰਦ ਕੀਤੀ। ਕਲਯੁੱਗ ਵਿੱਚ ਸ਼ਹੀਦੀ ਪਾ ਕੇ ਸਤਿਗੁਰਾਂ ਨੇ ਬਹੁਤ ਵੱਡਾ ਸਾਕਾ ਕਰ ਦਿਖਾੲਿਅਾ। ਸ਼ਰਨ ਵਿੱਚ ਆਇਆਂ ਲਈ ਭਲਾਈ ਕਰਦਿਅਾਂ ਅਾਪਣਾ ਸੀਸ ਕੁਰਬਾਨ ਕਰ ਦਿੱਤਾ, ਪਰ ਮੁੱਖ ਤੋਂ 'ਸੀ' ਤੱਕ ਨਾ ੳੁਚਾਰੀ। ਧਰਮ ਦੀ ਰੱਖਿਅਾ ਲੲੀ ੲਿਹ ਮਹਾਨ ਸਾਕਾ ਕੀਤਾ। ਸਤਿਗੁਰਾਂ ਨੇ ਆਪਣਾ ਸੀਸ ਤਾਂ ਵਾਰ ਦਿੱਤਾ, ਪਰ ਸਿਦਕ ਨਾ ਹਾਰਿਆ। ਇਸ ਮਹਾਨ ਕੁਰਬਾਨੀ ਦੇ ਸਦਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 'ਧਰਮ ਦੀ ਚਾਦਰ' ਵੀ ਕਿਹਾ ਜਾਂਦਾ ਹੈ। 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਚਿੱਤਰ ਨਾਟਕ ਵਿੱਚ, ੲਿਉਂ ਫ਼ਰਮਾੳੁਂਦੇ ਹਨ :- 

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥

ਕੀਨੋ ਬਡੋ ਕਲੂ ਮਹਿ ਸਾਕਾ॥

ਸਾਧਨਿ ਹੇਤਿ ੲਿਤੀ ਜਿਨਿ ਕਰੀ॥

ਸੀਸੁ ਦੀਅਾ ਪਰੁ ਸੀ ਨ ੳੁਚਰੀ॥

ਧਰਮ ਹੇਤ ਸਾਕਾ ਜਿਨਿ ਕੀਅਾ॥

ਸੀਸੁ ਦੀਅਾ ਪਰੁ ਸਿਰਰੁ ਨ ਦੀਅਾ॥

ਬਾਣੀ ਰਚਨਾ :

 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 59 ਸ਼ਬਦ ਅਤੇ 57 ਸਲੋਕ ਉਚਾਰਨ ਕੀਤੇ ਹਨ। ਉਨ੍ਹਾਂ ਨੇ ਆਪਣੀ ਬਾਣੀ ਵਿੱਚ ਇਹ ਮਨੁੱਖਾ ਜੀਵਨ ਅਜਾਈਂ ਨਾ ਗੁਆਉਣ ਅਤੇ ਪ੍ਰਭੂ ਨਾਲ ਜੁੜ ਕੇ ਸਫਲ ਕਰਨ ਉੱਤੇ ਜ਼ੋਰ ਦਿੱਤਾ ਹੈ।

 ਸਿੱਖਿਆ :

 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਇੱਕ ਅਕਾਲ ਪੁਰਖ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਕਦੇ ਵੀ ਜ਼ਾਲਮ ਦੇ ਜ਼ੁਲਮ ਅੱਗੇ ਝੁਕਣਾ ਨਹੀਂ ਚਾਹੀਦਾ ਅਤੇ ਮਨੁੱਖੀ ਅਧਿਕਾਰਾਂ ਅਤੇ ਕਦਰਾਂ ਕੀਮਤਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

1.ਹਵਾਲਾ ਪੁਸਤਕਾਂ : 1. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ, ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ 

2. ਸਿੱਖਾਂ ਦੀ ਸੰਖੇਪ ਗਾਥਾ ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ

3. ਜੀਵਨ ਦਸ ਪਾਤਸ਼ਾਹੀਆਂ (ਸ. ਮੁਖਤਾਰ ਸਿੰਘ ਗੁਰਾਇਆ) ਪ੍ਰਕਾਸ਼ਕ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.), ਸ੍ਰੀ ਅੰਮ੍ਰਿਤਸਰ ਸਾਹਿਬ 

4. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022