ਕੈਬਨਿਟ ਮੰਤਰੀ ਆਸ਼ੂ ਵੱਲੋਂ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਅਤੇ ਟ੍ਰੈਫਿਕ ਵਿਵਸਥਾ ਸੰਬੰਧੀ ਐੱਨ. ਐੱਚ. ਏ. ਆਈ. ਚੇਅਰਮੈਨ ਨਾਲ ਮੁਲਾਕਾਤ

ਚੇਅਰਮੈਨ ਵੱਲੋਂ ਉੱਚ ਪੱਧਰੀ ਟੀਮ ਜਾਇਜ਼ਾ ਲੈਣ ਲਈ ਲੁਧਿਆਣਾ ਭੇਜਣ ਦਾ ਭਰੋਸਾ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਨਵੀਂ ਦਿੱਲੀ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨਾਲ ਮੀਟਿੰਗ ਕੀਤੀ ਅਤੇ ਸ਼ਹਿਰ ਲੁਧਿਆਣਾ ਵਿੱਚ ਪੈਂਦੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਵਿਕਾਸ ਪ੍ਰੋਜੈਕਟਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਆਸ਼ੂ ਨਾਲ ਵਿਧਾਇਕ ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਰਾਹੁਲ ਵਰਮਾ ਵੀ ਹਾਜ਼ਰ ਸਨ। ਆਸ਼ੂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਬਾਰੇ ਵੀ ਗੱਲਬਾਤ ਕੀਤੀ ਗਈ। ਉਨਾਂ ਕਿਹਾ ਕਿ ਚੇਅਰਮੈਨ ਸੰਧੂ ਵੱਲੋਂ ਆਪਣੇ ਸਟਾਫ਼ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਹਿਰ ਲੁਧਿਆਣਾ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਸਥਿਤੀ ਦਾ ਜਾਇਜ਼ਾ ਲੈਣ ਲਈ ਅਥਾਰਟੀ ਦੀ ਇੱਕ ਉੱਚ ਪੱਧਰੀ ਟੀਮ ਲੁਧਿਆਣਾ ਵਿਖੇ ਇੱਕ ਹਫ਼ਤੇ ਲਈ ਭੇਜੀ ਜਾਵੇ। ਇਹ ਟੀਮ ਲੁਧਿਆਣਾ ਸ਼ਹਿਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨਾਲ ਸੰਬੰਧਤ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਕਾਰਨ ਪੈਦਾ ਹੋ ਰਹੀ ਆਵਾਜਾਈ ਸਮੱਸਿਆ ਦਾ ਜਾਇਜ਼ਾ ਲਵੇਗੀ ਅਤੇ ਇਸ ਸੰਬੰਧੀ ਵਿਸਥਾਰਤ ਰਿਪੋਰਟ ਚੇਅਰਮੈਨ ਨੂੰ ਪੇਸ਼ ਕਰੇਗੀ। ਜਿਸ ਉਪਰੰਤ ਇਸ ਮਸਲੇ ਦਾ ਹੱਲ ਲੱਭਿਆ ਜਾਵੇਗਾ। ਆਸ਼ੂ ਨੇ ਕਿਹਾ ਕਿ ਚੇਅਰਮੈਨ ਸੰਧੂ ਨੇ ਭਰੋਸਾ ਦਿੱਤਾ ਹੈ ਕਿ ਤਾਜਪੁਰ ਸੜਕ 'ਤੇ ਅੰਡਰਪਾਸ ਬਣਾਇਆ ਜਾਵੇਗਾ ਤਾਂ ਜੋ ਟ੍ਰੈਫਿਕ ਸਮੱਸਿਆ ਨੂੰ ਘਟਾਇਆ ਜਾ ਸਕੇ। ਇਸ ਮੌਕੇ ਉਨਾਂ ਮੋਹਨਦਈ ਓਸਵਾਲ ਹਸਪਤਾਲ ਵਾਲੇ ਪਾਸੇ ਤੋਂ ਐੱਸ. ਪੀ. ਐੱਸ. ਹਸਪਤਾਲ ਵੱਲ ਆ ਰਹੇ ਟ੍ਰੈਫਿਕ ਲਈ ਸ਼ੇਰਪੁਰ ਚੌਕ ਨੇੜੇ ਰੇਲਵੇ ਓਵਰਬ੍ਰਿਜ ਉਸਾਰਨ ਲਈ ਵੀ ਹਰੀ ਝੰਡੀ ਦਿੱਤੀ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ 44 ਦੇ ਐਂਟਰੀ ਅਤੇ ਐਗਜਿਟ ਪੁਆਇੰਟਾਂ ਬਾਰੇ ਵੀ ਵਿਚਾਰ ਕੀਤੀ ਗਈ। ਚੇਅਰਮੈਨ ਸੰਧੂ ਨੇ ਸ਼ਹਿਰ ਲੁਧਿਆਣਾ ਨਾਲ ਸੰਬੰਧਤ ਸਾਰੇ ਮਾਮਲੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਆਸ਼ੂ ਨੇ ਕਿਹਾ ਕਿ ਚੇਅਰਮੈਨ ਸੰਧੂ ਨੇ ਭਰੋਸਾ ਦਿੱਤਾ ਹੈ ਕਿ ਸ਼ਹਿਰ ਵਿੱਚ ਫਿਰੋਜ਼ਪੁਰ ਸੜਕ ਤੋਂ ਲੈ ਕੇ ਸਮਰਾਲਾ ਚੌਕ ਤੱਕ ਉਸਾਰੀ ਜਾ ਰਹੀ ਐਲੀਵੇਟਿਡ ਰੋਡ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਸ਼ਹਿਰ ਵਿੱਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਫਿਰੋਜ਼ਪੁਰ ਸੜਕ ਤੋਂ ਬੱਸ ਸਟੈਂਡ ਤੱਕ ਆਉਣ ਵਾਲੇ ਟ੍ਰੈਫਿਕ ਲਈ ਹੋਟਲ ਗੁਲਮੋਹਰ ਕੋਲ ਇੱਕ ਮੋੜ ਦੀ ਉਸਾਰੀ ਕੀਤੀ ਜਾਵੇਗੀ। ਐਲੀਵੇਟਿਡ ਰੋਡ 'ਤੇ ਪੈਂਦੇ ਅਪਰੈਂਪ ਦੀ ਜਗਾਂ ਬਦਲਣ, ਲਾਡੋਵਾਲ ਬਾਈਪਾਸ, ਨੈਸ਼ਨਲ ਹਾਈਵੇ 'ਤੇ ਲੱਗਣ ਵਾਲੀਆਂ ਸਟਰੀਟਲਾਈਟਾਂ ਅਤੇ ਹੋਰ ਮੁੱਦਿਆਂ ਬਾਰੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਚੇਅਰਮੈਨ ਸੰਧੂ ਨੇ ਕਿਹਾ ਕਿ ਉਨਾਂ ਦਾ ਸ਼ਹਿਰ ਲੁਧਿਆਣਾ ਨਾਲ ਕਾਫੀ ਨੇੜੇ ਦਾ ਰਿਸ਼ਤਾ ਰਿਹਾ ਹੈ। ਉਨਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਵੀ ਸੇਵਾਵਾਂ ਦਿੱਤੀਆਂ ਹੋਈਆਂ ਹਨ। ਸ੍ਰੀ ਆਸ਼ੂ ਨੇ ਕਿਹਾ ਕਿ ਚੇਅਰਮੈਨ ਸੰਧੂ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਲੁਧਿਆਣਾ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਨੇਪਰੇ ਚਾੜਨ ਲਈ ਫੰਡਾਂ ਦੀ ਕਮੀ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਸਾਰੇ ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣਗੇ।