ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਵਧੀਆਂ

ਨਵੀਂ ਦਿੱਲੀ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਿਲਾਂ ’ਚ ਵਾਧਾ ਹੋ ਗਿਆ ਹੈ ਕਿਉਂਕਿ ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਖ਼ਿਲਾਫ਼ ਦਾਇਰ ਫੌਜਦਾਰੀ ਸ਼ਿਕਾਇਤ ਪ੍ਰਵਾਨ ਕਰ ਲਈ ਹੈ ਤੇ ਇਸ ਮਾਮਲੇ ’ਚ ਪੁਲੀਸ ਕੋਲੋਂ ਕਾਰਵਾਈ ਰਿਪੋਰਟ (ਏਟੀਆਰ) ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪ੍ਰੀਤੀ ਪਰੇਵਾ ਐੱਲਡੀ ਐੱਮਐੱਮ ਨਵੀਂ ਦਿੱਲੀ ਪਟਿਆਲਾ ਹਾਊਸ ਦੀ ਅਦਾਲਤ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਪੁਲੀਸ ਸਟੇਸ਼ਨ ਨਾਰਥ ਐਵੇਨਿਊ ਦੇ ਐੱਸਐੱਚਓ ਨੂੰ ਹਦਾਇਤ ਕੀਤੀ ਹੈ ਕਿ ਉਹ 7 ਜਨਵਰੀ 2020 ਤੱਕ ‘ਏਟੀਆਰ’ ਅਦਾਲਤ ’ਚ ਪੇਸ਼ ਕਰਨ। ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਰਾਹੀਂ ਦਾਇਰ ਕੀਤੀ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਜੀਕੇ ਨੇ ਜਾਅਲੀ ਬਿੱਲ ਬਣਾ ਕੇ ਜਾਅਲਸਾਜ਼ੀ ਤੇ ਧੋਖੇ ਨਾਲ ਗੁਰਦੁਆਰਾ ਕਮੇਟੀ ਦੇ ਫੰਡ ਹੜੱਪ ਲਏ ਹਨ। ਸ਼ਿਕਾਇਤ ’ਚ ਦੱਸਿਆ ਗਿਆ ਕਿ ਉਸ ਨੇ 80 ਲੱਖ ਰੁਪਏ ਦਾ ਘਪਲਾ ਕੀਤਾ ਤੇ ਇਸ ਨੂੰ ਨਿੱਜੀ ਪੈਸਾ ਬਣਾ ਕੇ ਆਪ ਵਰਤ ਲਿਆ। ਇਹ ਵੀ ਦੱਸਿਆ ਗਿਆ ਕਿ ਉਸ ਨੇ ਵੱਖ ਵੱਖ ਸਮੇਂ ਬਿਨਾਂ ਕਾਰਜਕਾਰੀ ਕਮੇਟੀ ਦੀ ਮਨਜ਼ੂਰੀ ਦੇ 13 ਲੱਖ 65 ਹਜ਼ਾਰ ਰੁਪਏ ਕਢਵਾ ਲਏ। ਸ਼ਿਕਾਇਤ ’ਚ ਇਹ ਵੀ ਦੱਸਿਆ ਗਿਆ ਕਿ ਉਸ ਨੇ 6500 ਅਮਰੀਕੀ ਡਾਲਰ, 2150 ਪੌਂਡ, 1000 ਯੂਰੋ, ਕੈਨੇਡਾ ਦੇ 2600 ਡਾਲਰ, ਮਲੇਸ਼ੀਆ ਦੇ 576 ਡਾਲਰਾਂ ਦਾ ਵੀ ਘਪਲਾ ਕੀਤਾ। ਉਸ ਵੱਲੋਂ ਕੁੱਲ 1 ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਕੀਤਾ ਗਿਆ। ਦਿੱਲੀ ਗੁਰਦੁਆਰਾ ਕਮੇਟੀ ਦੇ ਕਾਨੂੰਨੀ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਸਰਬਜੀਤ ਸਿੰਘ ਵਿਰਕ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਅਦਾਲਤ ’ਚ ਪਹੁੰਚ ਕੀਤੀ ਸੀ।