ਅੱਜ ਦੇ ਦਿਨ (ਮਿਤੀ 15 ਨਵੰਬਰ, 2019) ਦਾ ਇਤਿਹਾਸ 

ਸ਼ਹੀਦੀ ਦਿਨ : ਸ਼ਹੀਦ ਬਾਬਾ ਦੀਪ ਸਿੰਘ ਜੀ 

 

ਨੋਟ: ਉਪਰੋਕਤ ਮਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਈ ਗਈ ਹੈ। ਪਰ, ਇਸ ਕੈਲੰਡਰ ਦੀਆਂ ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁੱਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

ਮਾਤਾ ਜੀ : ਮਾਤਾ ਜਿਉਣੀ ਜੀ 

ਪਿਤਾ ਜੀ : ਭਾਈ ਭਗਤਾ ਜੀ 

ਜਨਮ-ਮਿਤੀ : ੨੭ ਜਨਵਰੀ, ਸੰਨ ੧੬੮੨ ਈ. 

ਜਨਮ-ਸਥਾਨ : ਪਿੰਡ ਪਹੂਵਿੰਡ, ਜ਼ਿਲ੍ਹਾ ਤਰਨਤਾਰਨ, ਪੰਜਾਬ 

ਸ਼ਹੀਦੀ : ੧੧ ਨਵੰਬਰ, ਸੰਨ ੧੭੫੭ ਈ.

 ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਦੀਅਾਂ ਗਾਥਾਵਾਂ ਨਾਲ ਭਰਪੂਰ ਹੈ।

ਅਨਿਆਂ ਦੇ ਵਿਰੁੱਧ ਲੜਦਿਆਂ ਅਤੇ ਦੇਸ਼ ਕੌਮ ਦੀ ਰਾਖੀ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ਉੱਤੇ ਗਰਮ ਰੇਤ ਪਾ ਕੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦੇ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਦੇ ਭਲੇ ਦੇ ਇਸ ਮਿਸ਼ਨ ਦੀ ਚੜ੍ਹਦੀ ਕਲਾ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਆਪਣੇ ਸਿੱਖਾਂ ਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕਰਕੇ ਉਨ੍ਹਾਂ ਅੰਦਰ ਕੁਰਬਾਨੀ ਲਈ ਤਿਆਰ ਬਰ ਤਿਆਰ ਰਹਿਣ ਦਾ ਜਜ਼ਬਾ ਗੁਰੂ ਜੀ ਨੇ ਇਸ ਕਾਬਲੀਅਤ ਨਾਲ ਭਰਿਆ ਕਿ ਸਿੱਖਾਂ ਨੇ ਲਾਮਿਸਾਲ ਇਤਿਹਾਸ ਸਿਰਜ ਦਿੱਤਾ। ਇਸ ਇਤਿਹਾਸ ਦੇ ਚਮਕਦੇ ਸਿਤਾਰੇ ਹਨ ਸ਼ਹੀਦ ਬਾਬਾ ਦੀਪ ਸਿੰਘ ਜੀ। 

ਬਾਬਾ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੀ ਸ਼ਹੀਦੀ ਆਪਣੇ ਆਪ ਵਿੱਚ ਇੱਕ ਅਦੁੱਤੀ ਮਿਸਾਲ ਹੈ।

 

ਬਾਬਾ ਦੀਪ ਸਿੰਘ ਜੀ ਦਾ ਮੁੱਢਲਾ ਜੀਵਨ :

ਬਚਪਨ ਵਿੱਚ ਮਾਤਾ-ਪਿਤਾ ਨੇ ਉਨ੍ਹਾਂ ਦਾ ਨਾਂ ਦੀਪਾ ਰੱਖਿਆ। ਤਕਰੀਬਨ 18 ਸਾਲ ਦੀ ਉਮਰ ਵਿੱਚ ਉਹ ਆਪਣੇ ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਲਈ ਪਹੁੰਚੇ। ਇੱਥੇ ਹੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਦੀ ਪਾਹੁਲ ਲੈ ਕੇ ਸਿੰਘ ਸਜ ਗਏ ਅਤੇ ਉਨ੍ਹਾਂ ਦਾ ਨਾਂ ਦੀਪ ਸਿੰਘ ਰੱਖ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਤਾਂ ਵਾਪਸ ਪਿੰਡ ਆ ਗਏ ਪਰ ਉਹ ਗੁਰੂ ਜੀ ਕੋਲ ਹੀ ਰਹਿ ਗਏ।

 

ਗੁਰਬਾਣੀ ਦਾ ਅਧਿਐਨ ਅਤੇ ਸ਼ਸਤਰ ਵਿੱਦਿਆ ਦੀ ਪ੍ਰਾਪਤੀ :

ਅਨੰਦਪੁਰ ਸਾਹਿਬ ਵਿੱਚ ਰਹਿ ਕੇ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਦਾ ਅਧਿਐਨ ਕੀਤਾ ਅਤੇ ਸ਼ਸਤਰ ਵਿੱਦਿਆ ਗ੍ਰਹਿਣ ਕੀਤੀ। ਉਨ੍ਹਾਂ ਨੇ ਸੰਸਕ੍ਰਿਤ, ਬ੍ਰਿਜ, ਫ਼ਾਰਸੀ ਅਤੇ ਗੁਰਮੁਖੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਿਲ ਕਰ ਕੇ ਜਿੱਥੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਉੱਥੇ ਹੀ ਬਾਣੀ ਦਾ ਪ੍ਰਚਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਤਿਆਰ ਕਰਨਾ :

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਆ ਗਏ ਤਾਂ ਬਾਬਾ ਦੀਪ ਸਿੰਘ ਜੀ ਵੀ 1705 ਈ. ਵਿੱਚ ਉਨ੍ਹਾਂ ਕੋਲ ਉੱਥੇ ਪਹੁੰਚ ਗਏ। ਇੱਥੇ ਹੀ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਤਿਆਰ ਕੀਤੀਆਂ। ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੱਖ-ਵੱਖ ਤਖ਼ਤਾਂ ਤੇ ਭੇਜੇ ਗਏ।

 

ਜੰਗਾਂ-ਯੁੱਧਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦੇਣਾ :

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਧਰਮ ਯੁੱਧਾਂ ਵਿੱਚ ਮਦਦ ਕੀਤੀ ਅਤੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। 

 

ਸ਼ਹੀਦ ਮਿਸਲ ਦੇ ਜਥੇਦਾਰ ਦੀ ਜ਼ਿੰਮੇਵਾਰੀ :

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਰਦਾਰ ਦਰਬਾਰਾ ਸਿੰਘ ਜੀ ਅਤੇ ਨਵਾਬ ਕਪੂਰ ਸਿੰਘ ਜੀ ਨੇ ਸਿੱਖ ਕੌਮ ਨੂੰ ਜਥਿਆਂ ਵਿੱਚ ਵੰਡ ਕੇ ਲਾਮਬੰਦ ਕੀਤਾ। ਇਨ੍ਹਾਂ ਜਥਿਆਂ ਨੂੰ ਮਿਸਲਾਂ ਦਾ ਨਾਂ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੂੰ *ਸ਼ਹੀਦ ਮਿਸਲ* ਦੇ ਜਥੇਦਾਰ ਦੀ ਸੇਵਾ ਸੌਂਪੀ ਗਈ।

ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਨਾ :

ਅਬਦਾਲੀ ਦਾ ਪੁੱਤਰ ਤੈਮੂਰ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਪਰੇਸ਼ਾਨ ਸੀ। ਉਸ ਦੇ ਹੁਕਮ ਤੇ ਜਹਾਨ ਖ਼ਾਨ ਨੇ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਅਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ। ਇਹ ਖਬਰ ਮਿਲਦਿਆਂ ਹੀ ਬਾਬਾ ਦੀਪ ਸਿੰਘ ਜੀ ਨੇ 5000 ਸਿੰਘਾਂ ਦਾ ਜਥਾ ਲੈ ਕੇ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਸ੍ਰੀ ਤਰਨਤਾਰਨ ਸਾਹਿਬ ਪਹੁੰਚ ਕੇ ਬਾਬਾ ਜੀ ਨੇ ਅਰਦਾਸ ਕੀਤੀ ਅਤੇ ਸ਼ਹਿਰ ਤੋਂ ਬਾਹਰ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਜੋ ਸ਼ਹੀਦ ਹੋਣ ਲਈ ਤਿਆਰ ਹੋਣ ਸਿਰਫ਼ ਉਹੀ ਲਕੀਰ ਟੱਪਣ ਬਾਕੀ ਵਾਪਸ ਚਲੇ ਜਾਣ। ਸਾਰੇ ਸਿੰਘ ਗੁਰਧਾਮਾਂ ਦੀ ਰਾਖੀ ਲਈ ਆਪਾ ਕੁਰਬਾਨ ਕਰਨ ਦੇ ਚਾਉ ਨਾਲ ਜੈਕਾਰੇ ਛੱਡਦੇ ਲਕੀਰ ਟੱਪ ਗਏ। ਅੱਜ ਇੱਥੇ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ।

ਸ਼ਹੀਦੀ :

ਸ੍ਰੀ ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਗੋਹਲਵੜ ਪਿੰਡ ਵਿਖੇ ਘਮਸਾਨ ਦਾ ਯੁੱਧ ਹੋਇਆ। ਬਾਬਾ ਜੀ ਨੇ ਸਿੰਘਾਂ ਨੂੰ ਦੁਸ਼ਮਣ ਦੀਆਂ ਫ਼ੌਜਾਂ ਤੇ ਟੁੱਟ ਪੈਣ ਲਈ ਲਲਕਾਰਿਆ। ਇਸ ਜਗ੍ਹਾ ਅੱਜ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਇਸ ਜੰਗ ਵਿੱਚ ਬਾਬਾ ਜੀ ਦਾ ਸਾਹਮਣਾ ਜਹਾਨ ਖ਼ਾਨ ਦੀਆਂ ਫੌਜਾਂ ਨਾਲ ਹੋਇਆ। ਫ਼ੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵਧ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਆਪਣੇ 18 ਸੇਰ ਦੇ ਦੋਧਾਰੇ ਖੰਡੇ ਨਾਲ ਜ਼ਾਲਮਾਂ ਦੇ ਆਹੂ ਲਾਹੁੰਦਿਆਂ ਅੱਗੇ ਵਧ ਰਹੇ ਸਨ। ਅਮਾਨ ਖਾਨ ਨਾਲ ਆਹਮਣੇ-ਸਾਹਮਣੇ ਦੀ ਜੰਗ ਦੌਰਾਨ ਦੋਹਾਂ ਦੇ ਸਾਂਝੇ ਵਾਰ ਨਾਲ ਦੋਨਾਂ ਦੇ ਸੀਸ ਧੜ ਨਾਲੋਂ ਅੱਡ ਹੋ ਗਏ। ਅਮਾਨ ਖ਼ਾਨ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਪਰ ਬਾਬਾ ਜੀ ਨੇ ਇੱਕ ਹੱਥ ਦੀ ਤਲੀ ਨਾਲ ਆਪਣੇ ਸੀਸ ਨੂੰ ਸੰਭਾਲਿਆ ਅਤੇ ਦੂਜੇ ਹੱਥ ਨਾਲ ਖੰਡਾ ਵਾਹੁੰਦੇ ਹੋਏ ਅੱਗੇ ਵੱਧਦੇ ਰਹੇ। ਬਾਬਾ ਜੀ ਦਾ ਇਹ ਦ੍ਰਿੜ ਨਿਸ਼ਚਾ ਸੀ ਕਿ ਉਹ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਉਪਰੰਤ ਆਪਣਾ ਸੀਸ ਗੁਰੂ ਜੀ ਦੇ ਚਰਨਾਂ ਵਿੱਚ ਭੇਂਟ ਕਰਕੇ ਹੀ ਸ਼ਹੀਦੀ ਪ੍ਰਾਪਤ ਕਰਨਗੇ। ਉਨ੍ਹਾਂ ਦੀ ਇਹ ਚੜ੍ਹਦੀ ਕਲਾ, ਗੁਰਬਾਣੀ ਦੇ ਅਧਿਐਨ ਸਦਕਾ ਪ੍ਰਾਪਤ ਹੋਈ ਆਤਮਿਕ ਸ਼ਕਤੀ ਦਾ ਪ੍ਰਤੀਕ ਸੀ। ਇਸ ਤਰ੍ਹਾਂ ਉਨ੍ਹਾਂ ਆਪਣੀ ਬਹਾਦਰੀ ਅਤੇ ਕਾਬਲੀਅਤ ਨਾਲ ਇਤਿਹਾਸ ਵਿੱਚ ਨਵਾਂ ਰੰਗ ਭਰਿਆ। ਬਾਬਾ ਜੀ ਤਲੀ ਨਾਲ ਸੀਸ ਨੂੰ ਸੰਭਾਲਦੇ ਹੋਏ ਜ਼ਾਲਮਾਂ ਨਾਲ ਲੜਦੇ ਅੱਗੇ ਵਧਦੇ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਆਪਣਾ ਸੀਸ ਭੇਂਟ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸਥਾਨ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਸੁਸ਼ੋਭਿਤ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਹੋਰ ਸਿੰਘਾਂ ਦਾ ਜਿੱਥੇ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦਾਂ ਸੁਸ਼ੋਭਿਤ ਹੈ।

ਸਿੱਖਿਆ: ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁਰਬਾਣੀ ਨਾਲ ਅਥਾਹ ਪਿਆਰ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਜ਼ੁਲਮ ਦਾ ਮੁਕਾਬਲਾ ਡਟ ਕੇ ਕਰਨਾ ਚਾਹੀਦਾ ਹੈ।

ਹਵਾਲਾ ਪੁਸਤਕਾਂ:-

 1. ਸਾਡਾ ਇਤਿਹਾਸ (ਪ੍ਰਿੰਸੀਪਲ ਸਤਬੀਰ ਸਿੰਘ) ਪ੍ਰਕਾਸ਼ਕ: ਨਿਊ ਬੁੱਕ ਕੰਪਨੀ, ਜਲੰਧਰ

2. ਸਿੱਖ ਇਤਿਹਾਸ ਵਿੱਚੋਂ ਚੋਣਵੀਆਂ ਸਾਖੀਆਂ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)

3. ਸਿੱਖ ਹਿਸਟਰੀ ਕਾਰਡ ਭਾਗ-੨ (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ : ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022