ਲੰਡਨ, ਨਵੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਦੋਵੇਂ ਗੁਰੂ ਘਰਾਂ ਪਾਰਕ ਐਵੇਨਿਊ ਤੇ ਹੈਵਲਾਕ ਰੋਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਤਰਨੀ ਜਥੇ ਵਲੋਂ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ | ਪ੍ਰਕਾਸ਼ ਪਰੁਬ ਸਬੰਧੀ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਦੇ ਸਹਿਯੋਗ ਨਾਲ ਗੁਰਦੁਆਰਾ ਪਾਰਕ ਐਵੇਨਿਊ ਵਿਖੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਕੇਂਦਰ ਦੀ ਪ੍ਰਧਾਨ ਕੁਲਵੰਤ ਕੌਰ ਢਿਲੋਂ, ਅਜ਼ੀਮ ਸ਼ੇਖ਼ਰ, ਮਨਜੀਤ ਕੌਰ ਪੱਡਾ, ਬਿਟੂ ਖੰਗੂੜਾ, ਤਾਰਾ ਸਿੰਘ ਆਲਮ, ਡਾ: ਅੰਮਿ੍ਤਵੀਰ ਕੌਰ, ਜਸਵੀਰ ਸਿੰਘ ਜੱਸ, ਰੂਪ ਢਿਲੋਂ, ਪਿ੍ੰਸ ਬੁਟਰ, ਰਵਿੰਦਰ ਸਿੰਘ ਖਹਿਰਾ, ਗੁਰਮੀਤ ਸਿੰਘ ਸਿੱਧੂ, ਗਿਆਨੀ ਦਲਬੀਰ ਸਿੰਘ ਆਦਿ ਨੇ ਗੁਰੂ ਸਾਹਿਬ ਦੇ ਜੀਵਨ, ਸਿੱਖਿਆਵਾਂ ਨੂੰ ਕਵਿਤਾਵਾਂ ਰਾਹੀਂ ਸੰਗਤਾਂ ਦੇ ਰੂਬਰੂ ਕੀਤਾ | ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਭਿੰਡਰ ਨੇ ਨਿਭਾਈ |