ਲਾਂਘਾ ਖੁੱਲ੍ਹਣ ਦੇ ਪਹਿਲੇ ਤਿੰਨ ਦਿਨਾਂ ਕਾਫ਼ੀ ਘੱਟ ਸ਼ਰਧਾਲੂਆਂ ਨੇ ਗੁਰਦੁਆਰਾ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕੀਤੇ

ਡੇਰਾ ਬਾਬਾ ਨਾਨਕ,ਨਵੰਬਰ  2019-(ਏਜੰਸੀ) 

ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਕਾਫ਼ੀ ਘੱਟ ਸ਼ਰਧਾਲੂਆਂ ਨੇ ਸਰਹੱਦ ਪਾਰ ਕਰ ਕੇ ਗੁਰਦੁਆਰਾ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕੀਤੇ ਹਨ। ਆਨਲਾਈਨ ਰਜਿਸਟਰੇਸ਼ਨ ਬਾਰੇ ਜਾਗਰੂਕਤਾ ਦੀ ਘਾਟ, ਪਾਸਪੋਰਟ ਲਾਜ਼ਮੀ ਹੋਣ ਤੇ ਪਾਕਿ ਵੱਲੋਂ ਲਾਈ ਜਾ ਰਹੀ ਸੇਵਾ ਫ਼ੀਸ ਨੂੰ ਕਾਫ਼ੀ ਘੱਟ ਸ਼ਰਧਾਲੂਆਂ ਵੱਲੋਂ ਲਾਂਘਾ ਵਰਤਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਖ਼ਦਸ਼ਾ ਹੈ ਕਿ ਸ਼ਾਇਦ ਪਾਕਿਸਤਾਨ ਦੇ ਦੌਰੇ ਤੋਂ ਬਾਅਦ ਉਨ੍ਹਾਂ ਲਈ ਅਮਰੀਕਾ ਜਾਂ ਹੋਰ ਮੁਲਕਾਂ ਦਾ ਵੀਜ਼ਾ ਲੈਣਾ ਔਖਾ ਹੋ ਜਾਵੇਗਾ। ਨੌਜਵਾਨਾਂ ਦੇ ਮਨ ’ਚ ਇਸ ਗੱਲ ਦਾ ਭੈਅ ਜ਼ਿਆਦਾ ਹੈ। ਨੌਂ ਨਵੰਬਰ ਨੂੰ ਉਦਘਾਟਨ ਵਾਲੇ ਦਿਨ 897 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ। ਦਸ ਨਵੰਬਰ ਨੂੰ 229, 11 ਨਵੰਬਰ ਨੂੰ 122 ਅਤੇ 12 ਨਵੰਬਰ ਨੂੰ 546 ਸ਼ਰਧਾਲੂਆਂ ਨੇ ਲਾਂਘੇ ਦੀ ਵਰਤੋਂ ਕੀਤੀ ਹੈ। ਦੋਵੇਂ ਮੁਲਕ ਰੋਜ਼ਾਨਾ 5,000 ਸ਼ਰਧਾਲੂਆਂ ਦੀ ਆਵਾਜਾਈ ਲਈ ਸਹਿਮਤ ਹੋਏ ਸਨ ਤੇ ਇਹ ਗਿਣਤੀ ਉਸ ਤੋਂ ਕਾਫ਼ੀ ਘੱਟ ਹੈ।