You are here

ਐਰੋ ਇੰਡੀਆ ਦੀ ਪਾਰਕਿੰਗ ’ਚ ਅੱਗ, 300 ਕਾਰਾਂ ਸੜੀਆਂ

ਬੰਗਲੌਰ, 23 ਫਰਵਰੀ ਇਥੋਂ ਦੇ ਯੇਲਹਾਂਕਾ ਏਅਰ ਫੋਰਸ ਸਟੇਸ਼ਨ ’ਤੇ ਚਲ ਰਹੇ ਐਰੋ ਇੰਡੀਆ ਸ਼ੋਅ ਦੀ ਪਾਰਕਿੰਗ ’ਚ ਸ਼ਨਿਚਰਵਾਰ ਨੂੰ ਅੱਗ ਲੱਗਣ ਕਰਕੇ 300 ਕਾਰਾਂ ਸੜ ਗਈਆਂ। ਐਰੋ ਸ਼ੋਅ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਵਾਪਰੀ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੰਨਿਆ ਜਾ ਰਿਹਾ ਹੈ ਕਿ ਅੱਗ ਸੁੱਕੇ ਘਾਹ ’ਚ ਅੱਗ ਲੱਗਣ ਮਗਰੋਂ ਤੇਜ਼ ਹਵਾ ਕਰਕੇ ਭੜਕੀ ਅਤੇ ਪਾਰਕਿੰਗ ’ਚ ਖੜ੍ਹੀਆਂ ਕਾਰਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ। ਅੱਗ ਲੱਗਣ ਦੀ ਘਟਨਾ ਦੇ ਬਾਵਜੂਦ ਐਰੋ ਸ਼ੋਅ ਬਿਨਾਂ ਕਿਸੇ ਰੁਕਾਵਟ ਦੇ ਚਲਦਾ ਰਿਹਾ। ਚਾਰ ਦਿਨ ਪਹਿਲਾਂ ਹਵਾਈ ਸੈਨਾ ਦੀ ਐਰੋਬੈਟਿਕ ਟੀਮ ਦੇ ਦੋ ਸੂਰਿਆ ਕਿਰਨ ਜਹਾਜ਼ਾਂ ਦੇ ਟਕਰਾਉਣ ਨਾਲ ਇਕ ਪਾਇਲਟ ਦੀ ਮੌਤ ਹੋ ਗਈ ਸੀ। ਰੱਖਿਆ ਲੋਕ ਸੰਪਰਕ ਅਧਿਕਾਰੀ ਐਚ ਐਲ ਗੁਰੂਪ੍ਰਸਾਦ ਨੇ ਕਿਹਾ ਕਿ ਦੁਪਹਿਰ ਨੂੰ ਅੱਗ ਲੱਗਣ ਤੋਂ ਪਹਿਲਾਂ ਐਰੋਬੈਟਿਕ ਪ੍ਰਦਰਸ਼ਨ ਮੁਕੰਮਲ ਹੋ ਗਿਆ ਸੀ ਜਦਕਿ ਦੁਪਹਿਰ ਬਾਅਦ ਦੇ ਪ੍ਰੋਗਰਾਮ ’ਚ ਵੀ ਕੋਈ ਅੜਿੱਕਾ ਨਹੀਂ ਪਿਆ।
ਪਾਰਕਿੰਗ ’ਚ ਅੱਗ ਲੱਗਣ ਮਗਰੋਂ ਇਲਾਕੇ ’ਚ ਧੂੰਏਂ ਦਾ ਗੁਬਾਰ ਛਾ ਗਿਆ ਜਿਸ ਨਾਲ ਸਥਾਨਕ ਲੋਕਾਂ ਅਤੇ ਐਰੋ ਇੰਡੀਆ ਸ਼ੋਅ ਦੇਖਣ ਵਾਲਿਆਂ ’ਚ ਹਫੜਾ-ਦਫੜੀ ਮਚ ਗਈ। ਐਰੋ ਇੰਡੀਆ ਸ਼ੋਅ ਸ਼ਨਿਚਰਵਾਰ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ ਅਤੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਅੱਗ ਬੁਝਾਊ ਸੇਵਾਵਾਂ ਦੇ ਡੀਜੀਪੀ ਐਮ ਐਲ ਰੈੱਡੀ ਨੇ ਟਵੀਟ ਕਰਕੇ ਕਿਹਾ ਕਿ 300 ਕਾਰਾਂ ਸੜ ਗਈਆਂ ਹਨ ਅਤੇ 15 ਅੱਗ ਬੁਝਾਊ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਰੈਪਿਡ ਐਕਸ਼ਨ ਫੋਰਸ ਅਤੇ ਕੌਮੀ ਆਫ਼ਤ ਪ੍ਰਬੰਧਨ ਬਲ ਦੀਆਂ ਟੀਮਾਂ ਵੀ ਪਹੁੰਚ ਗਈਆਂ ਸਨ। ਹਵਾਈ ਸੈਨਾ ਨੇ ਹੈਲੀਕਾਪਟਰ ਰਾਹੀਂ ਅਸਮਾਨ ਤੋਂ ਅੱਗ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਅਮਲੇ ਨੂੰ ਅੱਗ ਬੁਝਾਉਣ ਸਬੰਧੀ ਲੋੜੀਂਦੇ ਨਿਰਦੇਸ਼ ਦਿੱਤੇ। ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਪ੍ਰੇਸ਼ਾਨ ਨਾ ਹੋਣ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਗ ਫੈਲਣ ਦੇ ਨਾਲ ਹੀ ਕਈ ਧਮਾਕੇ ਵੀ ਸੁਣੇ ਗਏ।