ਸਾਡੀ ਜੰਗ ਕਸ਼ਮੀਰੀਆਂ ਨਾਲ ਨਹੀਂ, ਅਤਿਵਾਦੀਆਂ ਖ਼ਿਲਾਫ਼: ਮੋਦੀ

ਟੌਂਕ (ਰਾਜਸਥਾਨ), 23 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮੁਲਕ ਦੀ ਜੰਗ ਕਸ਼ਮੀਰੀਆਂ ਨਾਲ ਨਹੀਂ ਸਗੋਂ ਅਤਿਵਾਦੀਆਂ ਖ਼ਿਲਾਫ਼ ਹੈ। ਉਨ੍ਹਾਂ ਅਹਿਦ ਲਿਆ ਕਿ ਪੁਲਵਾਮਾ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਪਏਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫ਼ੌਜ, ਸਰਕਾਰ ਅਤੇ ਮਾਂ ਭਵਾਨੀ ਦੇ ਆਸ਼ੀਰਵਾਦ ’ਤੇ ਭਰੋਸਾ ਰੱਖਣ।
ਇਥੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਵਰ੍ਹਦਿਆਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਉਹ ਆਪਣੇ ਸ਼ਬਦਾਂ ’ਤੇ ਖਰਾ ਉਤਰੇ। ਉਨ੍ਹਾਂ ਕਿਹਾ ਕਿ ਜੇਕਰ ਅਤਿਵਾਦ ਦੀ ਫੈਕਟਰੀ ਇਸੇ ਤਰ੍ਹਾਂ ਚਲਦੀ ਰਹੀ ਤਾਂ ਦੁਨੀਆਂ ’ਚ ਕਿਸੇ ਵੀ ਥਾਂ ’ਤੇ ਸ਼ਾਂਤੀ ਹੋਣਾ ਮੁਸ਼ਕਲ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਸਰਕਾਰ ਨੇ ਕੁਝ ਸਖ਼ਤ ਕਦਮ ਉਠਾਏ ਹਨ ਜਿਸ ਨਾਲ ਪਾਕਿਸਤਾਨ ’ਚ ਹਲਚਲ ਮਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਜੰਗ ਕਸ਼ਮੀਰ ਅਤੇ ਕਸ਼ਮੀਰੀਆਂ ਖ਼ਿਲਾਫ਼ ਨਹੀਂ ਹੈ। ‘ਕਸ਼ਮੀਰੀ ਨੌਜਵਾਨਾਂ ’ਤੇ ਵੀ ਅਤਿਵਾਦੀਆਂ ਨੇ ਜ਼ੁਲਮ ਢਾਹੇ ਹਨ। ਉਹ ਵੀ ਇਸ ਜੰਗ ’ਚ ਸਾਥ ਦੇਣ ਲਈ ਤਿਆਰ ਹਨ। ਕਸ਼ਮੀਰੀ ਅਮਰਨਾਥ ਯਾਤਰਾ ਦਾ ਧਿਆਨ ਰੱਖਦੇ ਹਨ। ਸਾਲ ਕੁ ਪਹਿਲਾਂ ਅਮਰਨਾਥ ਸ਼ਰਧਾਲੂਆਂ ’ਤੇ ਗੋਲੀਬਾਰੀ ਹੋਈ ਸੀ ਅਤੇ ਕਸ਼ਮੀਰੀ ਮੁਸਲਮਾਨ ਨੌਜਵਾਨ ਉਨ੍ਹਾਂ ਨੂੰ ਖੂਨ ਦੇਣ ਲਈ ਅੱਗੇ ਆਏ ਸਨ।
ਉਧਰ ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਕਸ਼ਮੀਰੀਆਂ ’ਤੇ ਹੋਏ ਹਮਲਿਆਂ ਦੇ ਸਬੰਧ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਾਮੋਸ਼ੀ ਤੋੜਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਅੱਜ ਤੁਸੀਂ ਸਾਡੇ ਦਿਲ ਦੀ ਗੱਲ ਆਖ ਦਿੱਤੀ ਹੈ।’’