ਅੱਜ ਦੇ ਦਿਨ (ਮਿਤੀ 12 ਨਵੰਬਰ, 2019 (੨੭ ਕੱਤਕ)) ਦਾ ਇਤਿਹਾਸ 

ਪ੍ਰਕਾਸ਼-ਪੁਰਬ : ਸ੍ਰੀ ਗੁਰੂ ਨਾਨਕ ਦੇਵ ਜੀ 

ਨੋਟ: ਉਪਰੋਕਤ ਮਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਈ ਗਈ ਹੈ। ਪਰ, ਇਸ ਕੈਲੰਡਰ ਦੀਆਂ ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁੱਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

 ਮਾਤਾ ਜੀ : ਮਾਤਾ ਤ੍ਰਿਪਤਾ ਜੀ 

 ਪਿਤਾ ਜੀ : ਮਹਿਤਾ ਕਲਿਆਣ ਦਾਸ ਜੀ 

 ਜਨਮ ਮਿਤੀ : 15 ਅਪ੍ਰੈਲ, ਸੰਨ 1469 ਈ. (20 ਵਿਸਾਖ, ਸੰਮਤ 1526 ਬਿ.)

 ਜਨਮ ਸਥਾਨ : ਰਾਇ ਭੋਇ ਦੀ ਤਲਵੰਡੀ (ਸ੍ਰੀ ਨਨਕਾਣਾ ਸਾਹਿਬ), ਸ਼ੇਖੂਪੁਰ, ਪਾਕਿਸਤਾਨ 

 ਮਹਿਲ : ਮਾਤਾ ਸੁਲੱਖਣੀ ਜੀ

ਜੋਤੀ-ਜੋਤ : 7 ਸਤੰਬਰ,1539 ਈ. (7 ਅੱਸੂ, 1596 ਬਿ.)

 ਜੋਤੀ-ਜੋਤ ਸਥਾਨ : ਕਰਤਾਰਪੁਰ ਸਾਹਿਬ, ਪਾਕਿਸਤਾਨ

ਗੁਰੂ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਦੀ ਦਸ਼ਾ : ਗੁਰੂ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਦੇ ਲੋਕ ਅੰਧ-ਵਿਸ਼ਵਾਸਾਂ ਅਤੇ ਕਰਮ-ਕਾਂਡਾਂ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ। ਮਹਿਮੂਦ ਗਜ਼ਨਵੀ, ਕੁੱਤਬਦੀਨ ਐਬਕ, ਅਲਤਤਮਸ਼, ਅਲਾਉਦੀਨ ਖਿਲਜੀ, ਫਿਰੋਜ਼ ਤੁਗਲਕ ਅਤੇ ਤੈਮੂਰ ਜਿਹੇ ਵਿਦੇਸ਼ੀ ਜਰਵਾਣਿਆਂ ਦੇ ਹਮਲਿਆਂ ਨੇ ਭਾਰਤੀ ਲੋਕਾਂ ਦੀ ਅਣਖ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਸੀ। ਮੁਸਲਮਾਨ ਰਾਜ ਦੇ ਹੰਕਾਰ ਵਿੱਚ ਆਫਰੇ ਹੋਏ ਸਨ ਅਤੇ ਹਿੰਦੂ ਗੁਲਾਮੀ ਥੱਲੇ ਦੱਬੇ ਹੋਏ। ਹਰ ਪਾਸੇ ਕੂੜ ਹੀ ਪ੍ਰਧਾਨ ਹੋ ਗਿਆ ਸੀ। ਸੱਚ ਅਤੇ ਧਰਮ ਖੰਭ ਲਾ ਕੇ ਉੱਡ ਗਏ ਸਨ। ਇਸ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ :-

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਮਾ  ਦੀਸੈ ਨਾਹੀ ਕਹ ਚੜਿਆ॥     

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-੧੪੫)

ਗੁਰੂ ਜੀ ਦਾ ਜਨਮ ਅਤੇ ਬਚਪਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨੇ ਮੁਰਦਾ ਰੂਹਾਂ ਨੂੰ ਨਵਾਂ ਜੀਵਨ ਬਖ਼ਸ਼ਿਆ। ਆਮ ਲੋਕ ਉਸ ਸਮੇਂ ਦੇ ਅਖੌਤੀ ਧਰਮੀ ਆਗੂਆਂ ਦੇ ਦਬਾਅ ਥੱਲੇ ਦੱਬੇ ਹੋਏ ਸਨ। ਲੁਕਾਈ ਨੂੰ ਇਸ ਗੁਲਾਮੀ ਤੋਂ ਮੁਕਤ ਕਰਾਉਣ ਲਈ ਪਰਮਾਤਮਾ ਨੇ ਗੁਰੂ ਜੀ ਨੂੰ ਇਸ ਧਰਤੀ ਉੱਤੇ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਦੇ ਵਿਸ਼ੇਸ਼ ਮਿਸ਼ਨ ਲਈ ਭੇਜਿਆ। ਇਸ ਪ੍ਰਥਾਇ ਭਾਈ ਗੁਰਦਾਸ ਜੀ ਫ਼ਰਮਾਉਂਦੇ ਹਨ :-

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਾਹਿ ਪਠਾਇਆ॥

ਗੁਰੂ ਜੀ ਨੂੰ ਵਿੱਦਿਆ ਪ੍ਰਾਪਤ ਕਰਨ ਲਈ 3 ਅਧਿਆਪਕਾਂ ਕੋਲ ਭੇਜਿਆ ਗਿਆ : ਦੇਵਨਾਗਰੀ ਅਤੇ ਗਣਿਤ ਸਿੱਖਣ ਲਈ ਗੋਪਾਲ ਦਾਸ ਪਾਂਧੇ ਕੋਲ, ਸੰਸਕ੍ਰਿਤ ਸਿੱਖਣ ਲਈ ਪੰਡਿਤ ਬ੍ਰਿਜ ਲਾਲ ਕੋਲ ਅਤੇ ਫ਼ਾਰਸੀ ਸਿੱਖਣ ਲਈ ਮੌਲਵੀ ਕੁਤਬੁੱਦੀਨ ਕੋਲ। ਗੁਰੂ ਜੀ, ਉਨ੍ਹਾਂ ਨੂੰ ਪੜ੍ਹਾਇਆ ਗਿਆ ਹਰ ਸਬਕ ਤੁਰੰਤ ਯਾਦ ਕਰ ਲੈਂਦੇ ਅਤੇ ਅਧਿਆਪਕਾਂ ਕੋਲੋਂ ਅਜਿਹੇ ਪ੍ਰਸ਼ਨ ਪੁੱਛਦੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਕੋਲ ਨਾ ਹੁੰਦਾ। ਗੁਰੂ ਜੀ ਦੀ ਤੀਖਣ ਬੁੱਧੀ ਅਤੇ ਦੈਵੀ ਸੋਝੀ ਨੂੰ ਅਧਿਆਪਕਾਂ ਨੇ ਬਚਪਨ ਵਿੱਚ ਹੀ ਪਹਿਚਾਣ ਲਿਆ ਸੀ। 

ਜਨੇਊ ਪਾਉਣ ਤੋਂ ਇਨਕਾਰ ਕਰਨਾ : ਜਦੋਂ ਗੁਰੂ ਜੀ 9 ਸਾਲ ਦੇ ਹੋਏ ਤਾਂ ਪਰਿਵਾਰ ਨੇ ਪ੍ਰੋਹਤ ਹਰਦਿਆਲ ਨਾਲ ਸਲਾਹ ਕਰਕੇ ਜਨੇਊ ਪਾਉਣ ਦਾ ਦਿਨ ਮਿੱਥ ਲਿਆ। ਮਿੱਥੇ ਹੋਏ ਦਿਨ ਉੱਤੇ ਜਦੋਂ ਸਾਰੇ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਆਉਣ ਤੇ ਪ੍ਰੋਹਤ ਪੂਜਾ ਪਾਠ ਕਰਕੇ ਜਨੇਊ ਪਾਉਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਜਨੇਊ ਪਹਿਲਾਂ ਮੇਰੀ ਮਾਤਾ ਜੀ ਨੂੰ ਪਹਿਨਾਇਆ ਜਾਵੇ। ਪਰ ਪ੍ਰੋਹਤ ਨੇ ਮਾਤਾ ਜੀ ਨੂੰ ਜਨੇਊ ਪਹਿਨਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਔਰਤਾਂ ਨੂੰ ਜਨੇਊ ਨਹੀਂ ਪਹਿਨਾਇਆ ਜਾਂਦਾ। ਫਿਰ ਗੁਰੂ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਜਨੇਊ ਪਹਿਨਾਉਣ ਲਈ ਕਿਹਾ ਪਰ ਉਸ ਨੂੰ ਵੀ ਨੀਵੀਂ ਜਾਤ ਨਾਲ ਸੰਬੰਧਿਤ ਹੋਣ ਕਰਕੇ ਜਨੇਊ ਪਹਿਨਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਇਹ ਸੁਣ ਕੇ ਗੁਰੂ ਜੀ ਨੇ ਆਪ ਵੀ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਜਨੇਊ ਮਨੁੱਖਾਂ ਵਿੱਚ ਵੰਡੀਆਂ ਪਾਉਂਦਾ ਹੋਵੇ ਅਜਿਹਾ ਜਨੇਊ ਉਹ ਕਦੇ ਨਹੀਂ ਪਹਿਨਣਗੇ। ਉਨ੍ਹਾਂ ਦਾ ਮਨੋਰਥ ਤਾਂ ਸਾਰੀ ਲੋਕਾਈ ਨੂੰ ਆਪਸ ਵਿੱਚ ਜੋੜਨਾ ਹੈ ਨਾ ਕਿ ਵੰਡੀਆਂ ਪਾਉਣਾ। ਜਿਸ ਜਨੇਊ ਦੀ ਮੰਗ ਗੁਰੂ ਜੀ ਨੇ ਕੀਤੀ ਉਸ ਬਾਰੇ ਗੁਰੂ ਜੀ ਫ਼ਰਮਾਉਂਦੇ ਹਨ :-

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥  

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-੪੭੧)

ਇਸ ਤਰ੍ਹਾਂ ਸਦੀਆਂ ਤੋਂ ਚੱਲੀ ਆ ਰਹੀ ਮਰਿਯਾਦਾ ਨੂੰ ਮੰਨਣ ਤੋਂ ਇਨਕਾਰ ਕਰਨ ਦਾ ਸਾਹਸ ਗੁਰੂ ਜੀ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਕੀਤਾ। ਉਨ੍ਹਾਂ ਦੇ ਇਨਕਾਰ ਕਰਨ ਦਾ ਢੰਗ ਵੀ ਲੜਾਈ-ਝਗੜੇ ਦੀ ਬਜਾਏ ਤਰਕ ਭਰਪੂਰ ਸੀ। 

ਸੱਚਾ ਸੌਦਾ ਕਰਨਾ : ਆਪ ਜੀ ਦੇ ਪਿਤਾ ਜੀ ਆਪ ਜੀ ਨੂੰ ਕਿਸੇ ਕੰਮ ਧੰਦੇ ਵਿੱਚ ਲਗਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਗੁਰੂ ਜੀ ਨੂੰ ਵੀਹ ਰੁਪਏ ਦਿੱਤੇ ਅਤੇ ਕੋਈ ਲਾਹੇ ਦਾ ਸੌਦਾ ਕਰਨ ਲਈ ਕਿਹਾ। ਗੁਰੂ ਜੀ ਪੈਸੇ ਲੈ ਕੇ ਘਰ ਤੋਂ ਚੱਲ ਪਏ। ਰਸਤੇ ਵਿੱਚ ਉਨ੍ਹਾਂ ਨੂੰ ਕੁਝ ਸਾਧੂ ਮਿਲੇ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਗੁਰੂ ਜੀ ਨੂੰ ਪਤਾ ਲੱਗਾ ਕਿ ਉਹ ਸਾਧੂ ਕਈ ਦਿਨਾਂ ਤੋਂ ਭੁੱਖੇ ਹਨ। ਗੁਰੂ ਜੀ ਨੇ ਆਪਣੇ ਪੈਸਿਆਂ ਨਾਲ ਉਨ੍ਹਾਂ ਨੂੰ ਰਾਸ਼ਨ ਲੈ ਦਿੱਤਾ। ਖਾਲੀ ਹੱਥ ਘਰ ਪਰਤਣ ਤੇ ਉਨ੍ਹਾਂ ਦੇ ਪਿਤਾ ਜੀ ਗੁਰੂ ਜੀ ਨਾਲ ਬਹੁਤ ਗੁੱਸੇ ਹੋਏ। ਪਰ ਗੁਰੂ ਜੀ ਨੇ ਕਿਹਾ ਕਿ ਉਹ ਤਾਂ ਸੱਚਾ ਸੌਦਾ ਕਰ ਕੇ ਆਏ ਹਨ।

ਗ੍ਰਹਿਸਥ ਜੀਵਨ : 18 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬਟਾਲਾ ਨਿਵਾਸੀ, ਭਾਈ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰਾਂ, ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ।

ਚਾਰ ਉਦਾਸੀਆਂ : ਸਮਾਜ ਦੇ ਸੁਧਾਰ ਲਈ ਆਪ ਜੀ ਨੇ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਦੌਰਾਨ ਆਪ ਜੀ ਇਰਾਕ, ਈਰਾਨ, ਅਫਗਾਨਿਸਤਾਨ, ਪਾਕਿਸਤਾਨ, ਸ੍ਰੀਲੰਕਾ, ਤਿੱਬਤ, ਆਸਾਮ, ਬੰਗਾਲ, ਕਸ਼ਮੀਰ, ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਗਏ। ਆਪ ਜੀ ਹਿੰਦੂਆਂ, ਬੋਧੀਆਂ, ਜੈਨੀਆਂ, ਯੋਗੀਆਂ, ਸੂਫੀਆਂ ਅਤੇ ਮੁਸਲਮਾਨਾਂ ਦੇ ਵੱਡੇ-ਵੱਡੇ ਧਰਮ ਅਸਥਾਨਾਂ ਅਤੇ ਡੇਰਿਆਂ ਆਦਿ ਤੇ ਗਏ। ਉੱਥੇ ਆਪ ਜੀ ਨੇ ਵਿਦਵਾਨਾਂ, ਪ੍ਰਚਾਰਕਾਂ, ਸਾਧਕਾਂ ਅਤੇ ਆਮ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸੱਚ ਦੇ ਮਾਰਗ ਤੇ ਤੋਰਿਆ। ਇਨ੍ਹਾਂ ਉਦਾਸੀਆਂ ਦੌਰਾਨ ਆਪ ਜੀ ਨੇ ਮਲਕ ਭਾਗੋ, ਵੈਸ਼ਨਵ ਸਾਧ, ਕਲਜੁਗ ਪਾਂਡੇ, ਸੱਜਣ ਠੱਗ ਅਤੇ ਵਲੀ ਕੰਧਾਰੀ ਜਿਹੇ ਅਨੇਕਾਂ ਭੁੱਲੇ ਭਟਕੇ ਲੋਕਾਂ ਦਾ ਉਧਾਰ ਕੀਤਾ।

ਔਰਤ ਦੀ ਆਜ਼ਾਦੀ ਲਈ ਸੰਘਰਸ਼ ਦਾ ਆਗਾਜ਼ : ਗੁਰੂ ਜੀ ਪਹਿਲੇ ਯੋਧੇ ਸਨ ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਅਖੌਤੀ ਧਰਮੀ ਅਲੰਬਰਦਾਰਾਂ ਵੱਲੋਂ ਔਰਤ ਦੀ ਕੀਤੀ ਦੁਰਦਸ਼ਾ ਤੋਂ ਔਰਤ ਨੂੰ ਆਜ਼ਾਦ ਕਰਾਉਣ ਲਈ ਪਹਿਲੀ ਆਵਾਜ਼ ਉਠਾਈ। ਇਹ ਉਹ ਸਮਾਂ ਸੀ ਜਿਸ ਵਕਤ ਉਸ ਸਮੇਂ ਦੇ ਸਾਰੇ ਧਰਮ ਅਤੇ ਵਿਚਾਰਧਾਰਾਵਾਂ ਔਰਤ ਨੂੰ ਕਮਜ਼ੋਰ, ਨਿਰਬਲ ਅਤੇ ਅਪਵਿੱਤਰ ਸਮਝਦੀਆਂ ਸਨ। ਔਰਤ ਉੱਪਰ ਪਾਬੰਦੀਆਂ ਇੱਥੋਂ ਤੱਕ ਸਨ ਕਿ ਉਹ ਕਿਸੇ ਵਿੱਦਿਆ ਦੇ ਸਥਾਨ ਤੇ ਜਾ ਕੇ ਨਾ ਵਿੱਦਿਆ ਗ੍ਰਹਿਣ ਕਰ ਸਕਦੀ ਸੀ ਅਤੇ ਨਾ ਹੀ ਕਿਸੇ ਧਰਮ ਸਥਾਨ ਤੇ ਜਾ ਕੇ ਪ੍ਰਮਾਤਮਾ ਦਾ ਨਾਮ ਜਪ ਸਕਦੀ ਸੀ। ਉਸ ਨੂੰ ਅਪਵਿੱਤਰ ਜਾਣ ਕੇ ਦੁਰਕਾਰਿਆ ਜਾਂਦਾ ਸੀ। ਸਮਾਜ ਦੀ ਇਸ ਵੱਡੀ ਕੁਰੀਤੀ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਉਸ ਵੇਲੇ ਆਪਣੀ ਮੌਤ ਨੂੰ ਅਵਾਜ਼ ਮਾਰਨ ਤੋਂ ਘੱਟ ਨਹੀਂ ਸੀ। ਪਰ ਗੁਰੂ ਸਾਹਿਬ ਜੀ ਅਜਿਹੇ ਯੋਧੇ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਧਰਮੀ ਅਲੰਬਰਦਾਰਾਂ ਦੇ ਨਾਲ ਟੱਕਰ ਲਈ ਅਤੇ ਔਰਤ ਦੀ ਅਜ਼ਾਦੀ ਲਈ ਵੱਡਾ ਸੰਘਰਸ਼ ਵਿੱਢਿਆ। ਇਸ ਪ੍ਰਥਾਇ ਗੁਰੂ ਜੀ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਫ਼ਰਮਾਉਂਦੇ ਹਨ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। 

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। 

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 473)

 

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਨਤ ਅਤੇ ਵੱਡੀ ਸਮਾਜਿਕ ਚੇਤਨਾ ਪੈਦਾ ਕਰਨ ਦਾ ਨਤੀਜਾ ਹੀ ਹੈ ਕਿ ਅੱਜ ਬੱਚੀਆਂ ਵਿਸ਼ਵ ਭਰ ਵਿੱਚ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਹੀਆਂ ਹਨ। ਔਰਤ ਜਾਤੀ ਉੱਪਰ ਗੁਰੂ ਜੀ ਦੇ ਇਸ ਉਪਕਾਰ ਲਈ ਇਹ ਸੰਸਾਰ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਜਿਵੇਂ-ਜਿਵੇਂ ਔਰਤਾਂ ਤਰੱਕੀ ਕਰਨਗੀਆਂ ਤਿਵੇਂ-ਤਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਸਾਡੇ ਹਿਰਦਿਆਂ ਦੇ ਵਿੱਚ ਹੋਰ ਪ੍ਰਪੱਕ ਹੋਵੇਗੀ ਕਿਉਂਕਿ ਗੁਰੂ ਜੀ ਵੱਲੋਂ ਔਰਤਾਂ ਦੀ ਅਜ਼ਾਦੀ ਲਈ ਉਠਾਈ ਅਵਾਜ਼ ਸਦਕਾ ਹੀ ਉਹ ਇਨ੍ਹਾਂ ਬੁਲੰਦੀਆਂ ਨੂੰ ਛੂਹਣ ਦੇ ਯੋਗ ਹੋ ਸਕੀਆਂ ਹਨ।

ਕਰਤਾਰਪੁਰ ਸਾਹਿਬ ਦੀ ਨੀਂਹ ਰੱਖਣੀ : ਗੁਰੂ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ। ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਹੱਥੀਂ ਕਿਰਤ ਕਰਦਿਆਂ ਬਤੀਤ ਕੀਤੇ ਅਤੇ ਉੱਤਮ ਖੇਤੀ ਦੀ ਨੀਂਹ ਰੱਖੀ।

ਭਾਈ ਲਹਿਣਾ ਜੀ ਨੂੰ ਗੁਰਿਆਈ ਸੌਂਪਣੀ : ਸਮਾਜ ਨੂੰ ਬਦਲ ਕੇ ਨਵਾਂ ਰੂਪ ਦੇਣ ਲਈ ਅਰੰਭ ਕੀਤੇ ਵੱਡੇ ਮਿਸ਼ਨ ਨੂੰ ਪੂਰਾ ਕਰਨ ਲਈ ਇਹ ਜ਼ੁੰਮੇਵਾਰੀ ਅੱਗੇ ਦੇਣ ਦੀ ਲੋੜ ਸੀ। ਇਸ ਲਈ ਆਪ ਜੀ ਨੇ ਭਾਈ ਲਹਿਣਾ ਜੀ ਨੂੰ ਯੋਗ ਜਾਣ ਕੇ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਕੇ ਸਿੱਖ ਲਹਿਰ ਨੂੰ ਅਗਵਾਈ ਦੇਣ ਦੀ ਜ਼ੁੰਮੇਵਾਰੀ ਸੌਂਪ ਦਿੱਤੀ। ਆਪ ਜੀ ਨੇ ਆਪਣੀ ਅਤੇ ਭਗਤਾਂ ਦੀ ਇਕੱਤਰ ਕੀਤੀ ਬਾਣੀ ਦਾ ਖ਼ਜ਼ਾਨਾ ਵੀ ਉਨ੍ਹਾਂ ਨੂੰ ਸੌਂਪ ਦਿੱਤਾ।

ਜੋਤੀ-ਜੋਤ : 7 ਸਤੰਬਰ,1539 ਈ. (7 ਅੱਸੂ, 1596 ਬਿ.) ਨੂੰ ਆਪ ਜੀ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿਖੇ ਜੋਤੀ-ਜੋਤ ਸਮਾ ਗਏ।

ਸਿੱਖਿਆ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦੀ ਪ੍ਰੇਰਨਾ ਮਿਲਦੀ ਹੈ। ਗੁਰੂ ਜੀ ਨੇ ਸਾਨੂੰ ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ ਅਤੇ ਪਖੰਡਾਂ ਆਦਿ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ। ਗੁਰੂ ਜੀ ਨੇ ਤਨ ਦੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਨੂੰ ਵਧਾਉਣ ਅਤੇ ਅੱਠੇ ਪਹਿਰ ਇੱਕ ਅਕਾਲ ਪੁਰਖ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਆਪਣੀਆਂ ਜ਼ੁੰਮੇਵਾਰੀਆਂ ਨੂੰ ਨੇਕ ਨੀਤੀ ਨਾਲ ਨਿਭਾਉਣ ਦੀ ਸਿੱਖਿਆ ਦਿੱਤੀ। *ਆਓ ਅਸੀਂ ਸਾਰੇ ਗੁਰੂ ਜੀ ਦੇ ਆਸ਼ੇ ਅਨੁਸਾਰ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਲਈ ਵਿਉਂਤਬੰਦੀ ਨਾਲ ਕਾਰਜਸ਼ੀਲ ਹੋਈਏ।* ਇਸ ਮਿਸ਼ਨ ਦੀ ਸਫ਼ਲਤਾ ਲਈ ਆਤਮ ਪਰਗਾਸ ਟੀਮ ਆਪ ਜੀ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹੈ ਜੀ। 

 ਹਵਾਲੇ:- 

1. ਦਸ ਪਾਤਸ਼ਾਹੀਆਂ ਜੀਵਨ, ਕਾਰਜ ਤੇ ਉਪਦੇਸ਼ (ਮੁਖਤਾਰ ਸਿੰਘ ਗੁਰਾਇਆ) ਪ੍ਰਕਾਸ਼ਕ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਸ੍ਰੀ ਅੰਮ੍ਰਿਤਸਰ

2. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

3. ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ) 

4. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022