ਮੁਹਾਲੀ (ਜਨ ਸ਼ਕਤੀ ਬਿਓੁਰੋ) ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਐਨਆਈਏ ਅਦਾਲਤ ’ਚ ਸ਼ਿਵ ਸੈਨਾ ਦੇ ਸੀਨੀਅਰ ਆਗੂ ਅਮਿਤ ਅਰੋੜਾ ’ਤੇ ਲੁਧਿਆਣਾ ਵਿਚ ਕਰੀਬ ਚਾਰ ਸਾਲ ਪਹਿਲਾਂ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਸਮੇਤ ਅੱਠ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਬਾਕੀ ਮੁਲਜ਼ਮਾਂ ਵਿਚ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ, ਧਰਮਿੰਦਰ ਸਿੰਘ, ਅਨਿਲ ਕੁਮਾਰ, ਹਰਮੀਤ ਸਿੰਘ, ਗੁਰਜਿੰਦਰ ਸ਼ਾਸਤਰੀ, ਗੁਰਸ਼ਰਨਬੀਰ ਸਿੰਘ ਸ਼ਾਮਲ ਹਨ। ਇਨ੍ਹਾਂ ’ਚੋਂ ਕਈ ਮੁਲਜ਼ਮਾਂ ਖ਼ਿਲਾਫ਼ ਹਿੰਦੂ ਨੇਤਾ ਰਵਿੰਦਰ ਗੋਸਾਈਂ ’ਤੇ ਹਮਲੇ ਦੇ ਮਾਮਲੇ ਵਿਚ ਪਿਛਲੇ ਸਾਲ 4 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਮੁਲਜ਼ਮਾਂ ’ਤੇ ਅਤਿਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਹੋਣ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ’ਤੇ ਸ਼ਿਵ ਸੈਨਾ ਆਗੂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਹੈ। ਐਨਆਈਏ ਨੇ ਹਰਮੀਤ ਹੈਪੀ ਦੇ ਪਾਕਿਸਤਾਨ ਵਿੱਚ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਜਦਕਿ ਗੁਰਜਿੰਦਰ ਸ਼ਾਸਤਰੀ ਦੇ ਇਟਲੀ ਅਤੇ ਗੁਰਸ਼ਰਨਬੀਰ ਦੇ ਯੂਕੇ ਵਿਚ ਲੁਕੇ ਹੋਣ ਦਾ ਖ਼ਦਸ਼ਾ ਹੈ। ਮੁਲਜ਼ਮਾਂ ਦੇ ਤਾਰ ਪਾਕਿਸਤਾਨ ਵਿਚ ਬੈਠੇ ਅਤਿਵਾਦੀਆਂ ਅਤੇ ਹੋਰ ਕਈ ਮੁਲਕਾਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ ਕਈ ਮਾਮਲਿਆਂ ਵਿੱਚ ਇਟਲੀ, ਆਸਟਰੇਲੀਆ ਅਤੇ ਯੂਕੇ ਤੋਂ ਵੱਡੀ ਗਿਣਤੀ ਫੰਡ ਰਿਲੀਜ਼ ਹੋਏ ਹਨ। ਹਰਦੀਪ ਸ਼ੇਰਾ ਅਤੇ ਰਮਨਦੀਪ ’ਤੇ ਹਥਿਆਰਾਂ ਦਾ ਪ੍ਰਬੰਧ ਕਰਨ ਦਾ ਦੋਸ਼ ਹੈ। ਹਰਦੀਪ ਵਿਦੇਸ਼ੀ ਨਾਗਰਿਕ ਹੈ ਜਦਕਿ ਰਮਨਦੀਪ ਲੁਧਿਆਣਾ ਦਾ ਵਸਨੀਕ ਹੈ। ਇਨ੍ਹਾਂਂ ਨੂੰ ਸਿਖਲਾਈ ਯੂਕੇ ਦੇ ਨਾਗਰਿਕ ਗੁਰਸ਼ਰਨਬੀਰ ਨੇ ਦਿੱਤੀ ਸੀ। ਜੱਗੀ ਜੌਹਲ ’ਤੇ ਵੀ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਸਾਜ਼ਿਸ਼ਾਂ ਦੀ ਨਜ਼ਰਸਾਨੀ ਹਰਮੀਤ ਸਿੰਘ ’ਤੇ ਪਾਕਿਸਤਾਨ ਵਿੱਚ ਬੈਠ ਕੇ ਕਰਨ ਦਾ ਇਲਜ਼ਾਮ ਹੈ।