'ਮੇਲਾ ਰੋਸ਼ਨੀ 'ਤੇ ਵਿਸੇਸ਼'

.........ਆਰੀ-ਆਰੀ-ਆਰੀ ਵਿਚ ਜਗਰਾਵਾਂ ਦੇ ਲਗਦੀ ਰੋਸ਼ਨੀ ਭਾਰੀ

  ਜਗਰਾਓਂ  ਪੰਜਾਬੀ ਸ਼ੁਰੂ 'ਤੋਂ ਹੀ ਦੁਨੀਆ ਭਰ ਵਿਚ ਬੜੇ ਖੁਲਦਿਲੇ ਅਤੇ ਜੋਸ਼ੀਲੇ ਮੰਨੇ ਗਏ ਹਨ। ਸ਼ਾਇਦ ਇਨ੍ਹਾਂ ਦੇ ਸੁਭਾਅ ਕਾਰਨ ਹੀ ਪੰਜਾਬ ਵਿਚ ਸਾਰਾ ਸਾਲ ਕਿਤੇ ਨਾ ਕਿਤੇ ਮੇਲੇ ਲਗਦੇ ਰਹਿੰਦੇ ਹਨ। ਇਹ ਮੇਲੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਰੂਹ ਹਨ। ਪੰਜਾਬ ਦੀ ਧਰਤੀ ਨੂੰ ਜਿਥੇ ਪੀਰਾਂ, ਪੈਗੰਬਰਾਂ, ਰਿਸ਼ੀਆਂ-ਮੁਨੀਆਂ, ਯੋਧਿਆਂ, ਸੂਰਮਿਆਂ ਅਤੇ ਗੁਰੂਆਂ ਦੀ ਧਰਤੀ ਹੋਣ ਦਾ ਮਾਨ ਹਾਸਲ ਹੈ, ਉਤੇ ਇਨ੍ਹਾਂ ਪੀਰ- ਪੈਗੰਬਰਾਂ ਦੇ ਨਾਵਾਂ ਨਾਲ ਜੁੜੇ ਮੇਲੇ ਸਾਡੇ ਜੀਵਨ 'ਚ ਵਿਸੇਸ਼ ਮੱਹਤਤਾ ਰੱਖਦੇ ਹਨ। ਇਹ ਮੇਲੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਬਣ ਚੁੱਕੇ ਹਨ। ਪੰਜਾਬੀ ਲੋਕ ਪੰਜਾਬੋਂ ਬਾਹਰ ਵੀ ਜਿਥੇ ਕਿਤੇ ਦੇਸ਼-ਵਿਦੇਸ਼ ਵਿਚ ਗਏ, ਉਨ੍ਹਾਂ ਆਪਣੇ ਸੁਭਾਅ ਅਨੁਸਾਰ ਉਥੇ ਵੀ ਮੇਲਾ ਨੁਮਾ ਜਸ਼ਨ ਮਨਾਉਣੇ ਸ਼ੁਰੂ ਕਰ ਦਿਤੇ ਅਤੇ ਅੱਜ ਕੱਲ ਦੁਨੀਆਂ ਵਿਚ ਪੰਜਾਬੀਆਂ ਵਲੋਂ ਕਈ ਮੇਲੇ-ਤਿਓਹਾਰ ਅੰਤਰਰਾਸ਼ਟਰੀ ਪੱਧਰ 'ਤੇ ਮਨਾਏ ਜਾਂਦੇ ਹਨ।

                  ਪੰਜਾਬ ਦੇ ਇਨ੍ਹਾਂ ਮੇਲਿਆਂ ਵਿਚ ਮੁਹਰਲੀ ਕਤਾਰ ਵਿਚ ਆਉਂਦਾ ਜਗਰਾਓਂ ਦਾ ਰੋਸ਼ਨੀ ਮੇਲਾ ਵੀ ਆਪਣਾ ਵਿਸੇਸ਼ ਸਥਾਨ ਰੱਖਦਾ ਹੈ। ਪੰਜਾਬ ਦੇ ਲੋਕ ਗੀਤਾਂ ਅਤੇ ਲੋਕ ਬੋਲੀਆਂ ਵੀ ਰੋਸ਼ਨੀ ਦੇ ਮੇਲੇ ਦੀ ਸ਼ਾਹਦੀ ਭਰਦੀਆਂ ਨਹੀਂ ਥੱਕਦੀਆਂ

                                      'ਆਰੀ-ਆਰੀ-ਆਰੀ ਵਿਚ ਜਗਰਾਵਾਂ ਦੇ ਲਗਦੀ ਰੋਸ਼ਨੀ ਭਾਰੀ.......।'

ਜਗਰਾਓ ਰੌਸ਼ਨੀ ਦੇ ਇਤਿਹਾਸਕ ਪੱਖ ਵਿਚ ਇਹ ਕਿਹਾ ਜਾਂਦਾ ਹੈ ਕਿ ਬਾਦਸ਼ਾਹ ਜਹਾਂਗੀਰ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਉਸ ਵਲੋਂ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਆ ਕੇ ਮੰਨਤ ਮੰਗੀ ਗਈ ਸੀ। ਉਸਦੇ ਘਰ ਪੁੱਤਰ ਦੀ ਦਾਤ ਹੋਣ 'ਤੇ ਉਸ ਵਲੋਂ ਦਰਗਾਹ 'ਤੇ ਆ ਕੇ ਦੀਵੇ ਜਗਾਏ ਗਏ ਅਤੇ ਸਾਰੇ ਸ਼ਹਿਰ ਨੂੰ ਰੁਸ਼ਨਾਇਆ। ਉਸ ਸਮੇਂ ਤੋਂ ਹਰੇਕ ਮੇਲਾ ਰੌਸ਼ਨੀ ਸ਼ੁਰੂ ਹੋਇਆ ਅਤੇ ਹਰੇਕ ਸਾਲ ਮਨਾਇਆ ਜਾਣ ਲੱਗਾ।

              ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਸਾਂਝੇ ਪੰਜਾਬ ਸਮੇਂ ਸੂਫੀਆਂ ਦੇ ਨਕਸ਼ਬੰਦੀ ਫਿਰਕੇ ਦੀ ਇਬਾਦਤਗਾਹ ਸੀ, ਜਿਥੇ ਤੇਰਾਂ 'ਤੋਂ ਸੋਲਾਂ ਫੱਗਣ ਦੀਆਂ ਵਿਚਕਾਰਲੀਆਂ ਰਾਤਾਂ ਨੂੰ ਹਿੰਦੋਸਤਾਨ ਭਰ ਦੇ ਕਵਾਲਾਂ ਨੂੰ ਆਪਣੀ ਕਲਾ ਦੁਆਰਾ ਇਬਾਦਤ ਕਰਨ ਦਾ ਇਕ ਆਲੌਕਿਕ ਜ਼ਰੀਆ ਪ੍ਰਾਪਤ ਹੁੰਦਾ ਹੈ। ਕੱਵਾਲੀਆਂ ਰਾਹੀਂ ਕੀਤੀ ਗਈ ਰੱਬ ਦੀ ਇਬਾਦਤ ਦਾ ਲੋਕੀ ਰਾਤ ਭਰ ਆਨੰਦ ਮਾਣਦੇ ਹਨ। ਇਹ ਧਾਰਮਿਕ ਉਤਸਵ ਹੌਲਾ-ਹੌਲੀ  ਸਮੇਂ ਦੇ ਚੱਕਰ ਨਾਲ ਸਮਾਜਿਕ ਅਤੇ ਸੱਭਿਆਚਾਰਕ ਮੇਲੇ ਦਾ ਰੂਪ ਧਾਰਨ ਕਰ ਗਿਆ। ਰੋਸ਼ਨੀ ਦੇ ਮੇਲੇ ਦਾ ਪਿਛੋਕੜ ਮੁਸਲਮਾਨ ਸੂਫੀ ਫਕੀਰ ਪੀਰ ਬਾਬਾ ਮੋਹਕਮਦੀਨ ਵਲੀ ਅੱਲ੍ਹਾ ਨਾਲ ਜੁੜਿਆ ਹੋਇਆ ਹੈ। ਬਾਬਾ ਮੋਹਕਮਦੀਨ ਨੈਣੀ ਸ਼ਹਿਰ, ਮਨਕਾਣਾ ਮੁੱਹਲਾ, ਤਹਿਸੀਲ ਲੋਹੀਆਂ, ਜ਼ਿਲਾ ਵਲਟੋਹਾ ਦੇ ਵਸਨੀਕ ਸਨ। ਰੱਬੀ ਇਸ਼ਕ ਉਨ੍ਹਾਂ ਨੂੰ ਸਰਹੰਦ ਲੈ ਆਇਆ 'ਤੇ ਉਹ ਹਜ਼ਰਤ ਖਵਾਜਾ ਅਵਾਮ ਸਾਹਿਬ ( ਅਮੀਨ ਸਰਹੰਦੀ ) ਦੇ ਮੁਰੀਦ ਬਣ ਗਏ। ਹਜ਼ਰਤ ਖਵਾਜਾ ਦੇ ਉਪਦੇਸ਼ ਸਦਕਾ ਮੋਹਕਮਦੀਨ ਨੇ ਰੱਤੀ ਖੇੜਾ ( ਫਰੀਦਕੋਟ ) ਵਿਖੇ 12 ਸਾਲ ਦਾ ਮੌਨ ਧਾਰਨ ਕੀਤਾ ਅਤੇ ਉਸ ਉਪਰੰਤ ਖਵਾਜਾ ਦੇ ਨਿਰਦੇਸ਼ਾਂ ਅਧੀਨ ਅਗਵਾੜ ਗੁੱਜ਼ਰਾਂ ਜਗਰਾਓਂ ਵਿਖੇ ਆ ਡੇਰੇ ਲਗਾਏ। ਬਾਬਾ ਮੋਹਕਮਦੀਨ ਦੇ ਰੋਜ਼ੇ ( ਕਬਰ ) 'ਤੇ ਰੋਸ਼ਨੀ ਦਾ ਮੇਲਾ ਲਗਦਾ ਹੈ। ਲੋਕ ਦੂਰ-ਦੁਰਾਡੇ 'ਤੋਂ ਆ ਕੇ 13 ਫੱਗਣ ਨੂੰ ਇਥੇ ਚੌਂਕੀਆਂ ਭਰਦੇ ਹਨ। ਸਰੀਰਕ ਰੋਗਾਂ 'ਤੋਂ ਮੁਕਤੀ ਲਈ ਅਤੇ ਪੁੱਤਰਾਂ ਦੀ ਪ੍ਰਾਪਤੀ ਲਈ ਅਰਦਾਸਾਂ ਕਰਦੇ ਹਨ। ਇਸ ਸਮੇਂ ਹਜ਼ਰਤ ਬਾਬਾ ਮੋਹਕਮਦੀਨ ਦੀ ਦਰਗਾਹ ਵਿਖੇ ਮੀਆਂ ਬੰਸਤ ਬਾਵਾ ਜੀ ਸੇਵਾ ਕਰ ਰਹੇ ਹਨ। ਪੰਜਾਬ ਦੇ ਹੋਰਨਾਂ ਮੇਲਿਆਂ ਵਾਂਗ ਹੁਣ ਇਸ  ਰੋਸ਼ਨੀ ਦੇ ਮੇਲੇ ਵਿਚ ਪਹਿਲਾਂ ਵਰਗੀ ਕਸਿਸ਼ ਨਹੀਂ ਰਹੀ। ਇਸ ਲਈ ਜਿਥੇ ਲੋਕਾਂ ਦਾ ਮੇਲਿਆਂ ਪ੍ਰਤੀ ਘਟ ਰਿਹਾ ਰੁਝਾਨ ਹੈ, ਉਥੇ ਹੀ ਸਥਾਨਕ ਪ੍ਰੰਬਧਕ ਢਾਂਚਾ ਅਤੇ ਸਰਕਾਰ ਵੀ ਇਸ ਲਈ ਬਰਾਬਰ ਦੀ ਜਿੰਮੇਵਾਰ ਹੈ।  ਜਗਰਾਓਂ ਦੇ ਬਜ਼ੁਰਗ ਅੱਜ ਵੀ ਬੂਟਾ ਮੁਹੰਮਦ ਅਤੇ ਨਗੀਨੇ ਵਰਗੇ ਗਵੱਈਆਂ ਨੂੰ ਯਾਦ ਕਰਦੇ ਹਨ। ਇਸਤੋਂ ਇਲਾਵਾ ਇਨ੍ਹਾਂ ਬਜ਼ੁਰਗਾਂ ਦੇ ਚਿੱਤ ਚੇਤੇ 'ਚ ਰੋਸ਼ਨੀ ਦੇ ਮੇਲੇ ਨਾਲ ਜੁੜੀਆਂ  ਹੋਰ ਵੀ ਯਾਦਾਂ ਘਰ ਕਰੀ ਬੈਠੀਆਂ ਹਨ। ਇਸ ਲਈ ਅੱਜ ਦੇ ਸਮੇਂ ਵਿਚ ਮੁੱਖ ਲੋੜ ਹੈ ਕਿ ਅਸੀਂ ਆਪਣਾ ਵਿਰਸਾ ਇਹੋ ਜਿਹੇ ਮੇਲਿਆਂ ਰਾਹੀਂ ਸੰਭਾਲ ਕੇ ਰੱਖੀਏ ਅਤੇ ਮੇਲੇ ਦੀ ਸ਼ਾਨ ਨੂੰ ਹੋਰ ਵੀ ਵਧਾਈਏ। ਸਦੀਆਂ ਤੋਂ ਲੱਗ ਰਹੇ ਇਸ ਮੇਲੇ ਲਈ ਸਰਕਸਾਂ, ਝੂਲੇ ਅਤੇ ਹੋਰ ਮੰਨੋਰੰਜਨ ਦੇ ਸਾਧਨ ਆ ਕੇ ਲੱਗਦੇ ਹਨ। ਸਦੀਆਂ ਤੋਂ ਪੁਰਾਣੀ ਸਬਜ਼ੀ ਮੰਡੀ ਲਾਗੇ ਲੱਗਣ ਵਾਲੇ ਇਸ ਮੇਲੇ ਲਈ ਹੁਣ ਢੁਕਵੀਂ ਥਾਂ ਮੁਹਈਆ ਨਹੀਂ ਹੋ ਰਹੀ। ਪੁਰਾਣੀ ਸਬਜ਼ੀ ਮੰਡੀ ਵਾਲਾ ਸਾਰਾ ਇਲਾਕਾ ਹੁਣ ਵਿਕ ਚੁੱਕਾ ਹੈ ਅਤੇ ਉਥੇ ਰਿਹਾਇਸ਼ ਲਈ ਮਕਾਨ ਅਤੇ ਕਮਰਸ਼ੀਅਲ ਕੰਮ ਕਾਰਾਂ ਲਈ ਦੁਕਾਨੰ ਬਣ ਚੁੱਕੀਆਂ ਹਨ। ਕੁਝ ਸਮੇਂ ਤੋਂ ਇਹ ਮੇਲਾ ਡਿਸਪੋਜ਼ਲ ਰੋਡ 'ਤੇ ਲਗਾਇਆ ਜਾਣਾ ਸ਼ੁਰੂ ਹੋਇਆ ਹੈ। ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਇਤਿਹਾਸਿਕ ਧਰੋਹਰ ਨੂੰ ਜਿਊਂਦੇ ਰੱਖਣ ਲਈ ਮੇਲੇ ਵਾਸਤੇ ਢੁਕਵੀਂ ਥਾਂ ਮੁਹਈਆ ਕਰਵਾਈ ਜਾਵੇ ਤਾਂ ਜੋ ਸਦੀਆਂ ਤੋਂ ਪੰਜਾਬ ਵਿਚ ਮੇਲਿਆਂ ਦੀ ਸ਼ਾਨ ਦੇ ਮੋਹਰੀ ਜਗਰਾਓਂ ਦੇ ਰੌਸ਼ਨੀ ਮੇਲੇ ਦੀ ਚਮਕ ਬਰਕਾਰ ਰਹਿ ਸਕੇ। ਇਸ ਸੰਬਧ ਵਿਚ ਪੀਰ ਬਾਬਾ ਮੋਹਕਮਦੀਨ ਦੇ ਜੀਨ ਤੇ ਪ੍ਰਸਿੱਧ ਲੇਖਕ ਮਨਜੀਤ ਕੁਮਾਰ ਵਗੇਰਾ ਨੇ ਤਿੰਨ ਬੇਸ਼ਕੀਮਤੀ ਕਿਤਾਬਾਂ ' ਨਕਸ਼ਬੰਦੀ ਸਿਲਸਿਲੇ ਦੇ ਕਾਮਿਲ ਸੂਫੀ ਦਰਵੇਸ਼ ' ' ਸੂਫੀਅਤ ਤੇ ਸਿ,ਲਸਿਲਾ ਨਕਸ਼ਬੰਦੀਆਂ ਅਤੇ ਹਜਰਤ ਪੀਰ ਮੋਹਕਮਦੀਨ ਜਗਰਾਵਾਂ ਸ਼ਰੀਫ ' ਲਿਖੀਆਂ। ਜੋ ਕਿ ਸੂਫੀਆਂ ਦੇ ਮਹਾਨ ਜੀਵਨ 'ਤੇ ਬਡਜ਼ੀ ਬਾਰੀਕੀ ਨਾਲ ਝਾਤ ਪਾਉਂਦੀਆਂ ਅਨਮੋਲ ਖਜਾਨਾ ਸਾਬਿਤ ਹੋ ਰਹੀਆਂ ਹਨ।

                    ਹਰਵਿੰਦਰ ਸਿੰਘ ਸੱਗੂ, ਜਗਰਾਓਂ।