ਸ੍ਰੀ ਨਨਕਾਣਾ ਸਾਹਿਬ, ਅਕਤੂਬਰ 2019-(ਏਜੰਸੀ)
ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ ਦੀ ਅਸਥਾਈ ਰਿਹਾਇਸ਼ ਲਈ ਟੈਂਟ ਸਿਟੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ | ਉਕਤ ਟੈਂਟ ਸਿਟੀ 'ਚ 6-6 ਕਨਾਲ ਭੂਮੀ 'ਤੇ ਤਿੰਨ ਵਿਸ਼ਾਲ ਟੈਂਟ ਲਗਾਏ ਜਾ ਰਹੇ ਹਨ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਇਹ ਟੈਂਟ ਸਿਟੀ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਬਿਲਕੁਲ ਨਾਲ ਬਣਾਈ ਜਾ ਰਹੀ ਹੈ, ਜਿਸ 'ਚ ਭਾਰਤ ਤੋਂ ਗਏ ਯਾਤਰੂਆਂ ਦੇ ਨਾਲ-ਨਾਲ ਸੂਬਾ ਸਿੰਧ, ਖ਼ੈਬਰ ਪਖਤੂਨਖਵਾ ਤੇ ਲਹਿੰਦੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚੋਂ ਪਹੁੰਚੀ ਸੰਗਤ ਦੀ ਅਸਥਾਈ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਣਾ ਹੈ | ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਦੇ ਹੈੱਡ ਗ੍ਰੰਥੀ ਮਦਨ ਸਿੰਘ, ਜਗਬੀਰ ਸਿੰਘ ਤੇ ਬਾਬਰ ਜਲੰਧਰੀ ਨੇ ਦੱਸਿਆ ਕਿ ਗੁਰਦੁਆਰਾ ਬਾਲ ਲੀਲਾ ਦੇ ਪਿਛਲੇ ਪਾਸੇ ਤੇ ਡਿਸਟਿ੍ਕਟ ਹੈੱਡਕੁਆਰਟਰ ਹਸਪਤਾਲ ਦੇ ਨਜ਼ਦੀਕ ਸਾਹੀਵਾਲ ਰੋਡ 'ਤੇ ਚੁੰਗੀ ਨੰ. 5 ਵਿਖੇ ਤਿੰਨ ਵਿਸ਼ਾਲ ਟੈਂਟ ਲਗਾਏ ਗਏ ਹਨ | ਇਨ੍ਹਾਂ ਦੇ ਨਜ਼ਦੀਕ ਹੀ ਅਸਥਾਈ ਬਾਥਰੂਮ ਵੀ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਟੈਂਟ ਬਣਾਉਣ ਦੀ ਸੇਵਾ 'ਚ ਰਾਜਵੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਸ਼ੇਸ਼ ਯੋਗਦਾਨ ਦੇਣ ਦੇ ਨਾਲ-ਨਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਟ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਬਿਲਕੁਲ ਨਜ਼ਦੀਕ ਬਣਾਏ ਗਏ ਹਨ ਤਾਂ ਕਿ ਇੱਥੋਂ ਸਿਰਫ਼ 4-5 ਮਿੰਟ ਪੈਦਲ ਚੱਲ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਜਾ ਸਕੇ | ਬਾਬਰ ਜਲੰਧਰੀ ਦੇ ਅਨੁਸਾਰ ਯਾਤਰੂਆਂ ਦੀ ਰਿਹਾਇਸ਼ ਲਈ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਅੰਦਰ ਨਵੀਆਂ ਸਰਾਂਵਾਂ ਉਸਾਰਨ ਦੇ ਨਾਲ-ਨਾਲ ਹਟ-ਬਲਾਕ (ਆਧੁਨਿਕ ਨਮੂਨੇ ਦੀ ਵੱਡੀ ਝੌਪੜੀ ਵਾਂਗ ਵਿਖਾਈ ਦਿੰਦੀ ਸਰਾਂ) ਦਾ ਵੀ ਬੰਦੋਬਸਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਵਲੋਂ ਕੀਤੀ ਜਾਣ ਵਾਲੀ ਸ਼ਮੂਲੀਅਤ ਦੇ ਮੱਦੇਨਜ਼ਰ ਟੀ. ਡੀ. ਸੀ. ਪੀ. ਵਲੋਂ ਵੀ ਸ੍ਰੀ ਨਨਕਾਣਾ ਸਾਹਿਬ 'ਚ ਇਕ ਆਲੀਸ਼ਾਨ ਸਰਾਂ ਉਸਾਰੀ ਗਈ ਹੈ |