ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ’ਚ ਵੱਜੇਗੀ ਗੈਂਗਸਟਰ ਦੇ ਵਿਆਹ ਦੀ ਸ਼ਹਿਨਾਈ

ਮੋਗਾ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਉੱਚ ਸੁਰੱਖਿਆ ਵਾਲੀ ਜੇਲ੍ਹ ਨਾਭਾ ’ਚ 30 ਅਕਤੂਬਰ ਨੂੰ ਦੋਹਰੇ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਦੇ ਰਹਿਣ ਵਾਲੇ ਨਾਮੀ ਗੈਂਗਸਟਰ ਮਨਦੀਪ ਸਿੰਘ ਉਰਫ਼ ਧਰੂ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜਣਗੀਆਂ।
ਹਾਈ ਕੋਰਟ ਨੇ ਨਾਭਾ ਜੇਲ੍ਹ ਕੰਪਲੈਕਸ ’ਚ ਮੁਲਾਜ਼ਮਾਂ ਦੇ ਰਿਹਾਇਸ਼ੀ ਕੁਆਰਟਰਾਂ ਕੋਲ ਬਣੇ ਗੁਰਦੁਆਰੇ ’ਚ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਦੀ ਇਜਾਜ਼ਤ ਦਿੱਤੀ ਹੈ। ਹੁਕਮ ਮੁਤਾਬਕ ਸਵੇਰੇ 10 ਵਜੇ ਤੋਂ 6 ਘੰਟੇ ਅੰਦਰ ਪੁਲੀਸ ਸੁਰੱਖਿਆ ਹੇਠ ਇਹ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ। ਜੇਲ੍ਹ ’ਚ ਹੋਣ ਵਾਲੇ ਇਸ ਵਿਆਹ ’ਚ ਲਾੜੇ (ਗੈਂਗਸਟਰ) ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੁਲਹਨ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਸ਼ਾਮਲ ਹੋਣ ਅਤੇ ਫ਼ੋਟੋਗ੍ਰਾਫ਼ੀ ਦੀ ਵੀ ਆਗਿਆ ਦਿੱਤੀ ਗਈ ਹੈ। ਜਸਟਿਸ ਅਜੇ ਤਿਵਾੜੀ ਤੇ ਜਸਟਿਸ ਹਰਨਰੇਸ਼ ਸਿੰਘ ਗਿੱਲ ਨੇ ਹੁਕਮਾਂ ’ਚ ਵਿਆਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਹੋਣ ਵਾਲੇ ਖਰਚ ਤੋਂ ਵੀ ਗੈਂਗਸਟਰ ਨੂੰ ਛੋਟ ਦਿੱਤੀ ਹੈ। ਮਨਦੀਪ ਸਿੰਘ ਹੁਣ 6 ਘੰਟੇ ਆਪਣੇ ਪਰਿਵਾਰਕ ਮੈਂਬਰਾਂ ਤੇ ਜੀਵਨ ਸਾਥਣ ਪਵਨਦੀਪ ਕੌਰ ਨਾਲ ਬਿਤਾ ਸਕੇਗਾ। ਜ਼ਿਕਰਯੋਗ ਹੈ ਕਿ ਗੈਂਗਸਟਰ ਮਨਦੀਪ ਸਿੰਘ ਧਰੂ ਦੇ ਪਿਤਾ ਚਮਕੌਰ ਸਿੰਘ ਦੀ ਕਾਫ਼ੀ ਅਰਸਾ ਪਹਿਲਾਂ ਮੌਤ ਹੋ ਚੁੱਕੀ ਹੈ। ਦੂਜਾ ਭਰਾ ਗੁਰਮੀਤ ਸਿੰਘ ਤੇ ਭੈਣ ਵਿਦੇਸ਼ ’ਚ ਹਨ ਅਤੇ ਮਾਂ ਰਛਪਾਲ ਕੌਰ ਹੀ ਘਰ ’ਚ ਰਹਿੰਦੀ ਹੈ। ਗੈਂਗਸਟਰ ਮਨਦੀਪ ਸਿੰਘ ਧਰੂ ਆਪਣੇ ਹੀ ਪਿੰਡ ਦੇ ਇੱਕ ਸਰਪੰਚ ਤੇ ਉਸ ਦੇ ਨਿੱਜੀ ਗੰਨਮੈਨ ਦੇ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਜੇਲ੍ਹ ’ਚ ਬੈਠਿਆਂ 10 ਸਾਲ ਹੋ ਚੁੱਕੇ ਹਨ। ਉਸ ਨੇ 3 ਸਾਲ ਪਹਿਲਾਂ ਸਾਲ 2016 ’ਚ ਵੀ ਵਿਆਹ ਲਈ ਛੁੱਟੀ ਮੰਗੀ ਸੀ ਪਰ ਪੈਰੋਲ ਨਹੀਂ ਮਿਲੀ। ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪਵਨਦੀਪ ਕੌਰ ਨੇ ਗੈਂਗਸਟਰ ਮਨਦੀਪ ਸਿੰਘ ਧਰੂ ਦੀ ਫੋਟੋ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਬਾਅਦ ਉਹ ਆਪਣੇ ਸਹੁਰਾ ਪਰਿਵਾਰ ਨਾਲ ਰਹਿਣ ਲੱਗ ਪਈ। ਹੁਣ ਗੈਂਗਸਟਰ ਨੇ ਮੁੜ ਵਿਆਹ ਲਈ ਇੱਕ ਮਹੀਨੇ ਦੀ ਪੈਰੋਲ ’ਤੇ ਰਿਹਾਈ ਦੀ ਅਰਜ਼ੀ ਹਾਈ ਕੋਰਟ ’ਚ ਦਾਇਰ ਕੀਤੀ ਸੀ।