You are here

ਹੁਸ਼ਿਆਰਪੁਰ ਵਿਚ ਡੀ.ਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਈ-ਆਫਿਸ ਲਾਗੂ

ਹੁਸ਼ਿਆਰਪੁਰ,ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਹੁਸ਼ਿਆਰਪੁਰ ਵਿਚ ਡੀ.ਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਈ-ਆਫਿਸ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਜਿੱਥੇ ਕੰਮਾਂ ਵਿੱਚ ਹੋਰ ਪਾਰਦਰਸ਼ਤਾ ਵਧੀ ਹੈ, ਉਥੇ ਕਾਗਜ਼ੀ ਕਾਰਵਾਈ ਵੀ ਘਟੀ ਹੈ। ਅੱਜ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਡੀ.ਸੀ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਦੇ ਈ-ਆਫਿਸ ਦੇ ਕੰਮ ਦਾ ਜਾਇਜ਼ਾ ਲਿਆ। ਇੱਕ ਮਹੀਨਾ ਪਹਿਲਾਂ ਅਪਣਾਈ ਗਈ ਇਸ ਪ੍ਰਣਾਲੀ ਦੇ ਕੰਮਕਾਜ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਸ੍ਰੀਮਤੀ ਕਾਲੀਆ ਨੇ ਦੱਸਿਆ ਕਿ ਈ-ਆਫਿਸ ਦੇ ਲਾਗੂ ਹੋਣ ਉਪਰੰਤ ਬਰਾਂਚਾਂ ਵਿੱਚ ਦਸਤੀ ਡਾਕ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਆਈ.ਏ. ਸ਼ਾਖਾ ਵਿੱਚ ਰਸੀਦ ਨੂੰ ਸਕੈਨ ਕਰ ਕੇ ਇਲੈਕਟ੍ਰਾਨਿਕ ਮੂਵਮੈਂਟ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਈ-ਆਫਿਸ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 7 ਤਕਨੀਕੀ ਮਾਸਟਰ ਟਰੇਨਰ ਨਿਯੁਕਤ ਕੀਤੇ ਗਏ ਹਨ ਜੋ ਵੱਖ-ਵੱਖ ਬਰਾਂਚਾਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਈ-ਆਫਿਸ ਦਾ ਉਦੇਸ਼ ਦਫ਼ਤਰੀ ਦਸਤਾਵੇਜ਼ੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ, ਸਰਲ ਅਤੇ ਪਾਰਦਰਸ਼ੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਪੇਸ਼ੀ ਬਰਾਂਚ (ਏ.ਡੀ.ਸੀ) ਤੋਂ ਇਲਾਵਾ ਐਮ.ਏ, ਡੀ.ਆਰ.ਏ (ਟੀ), ਪਲਾਨਿੰਗ, ਐਲ.ਐਫ.ਏ, ਐਚ.ਆਰ.ਸੀ ਅਤੇ ਆਰ.ਆਰ.ਏ ਬਰਾਂਚਾਂ ਵਲੋਂ ਈ-ਆਫਿਸ ਰਾਹੀਂ ਕੰਮ ਦਾ ਨਿਪਟਾਰਾ ਸੌ ਫੀਸਦੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀ.ਸੀ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੇ ਸਾਕਾਰਤਮਕ ਤਰੀਕੇ ਨਾਲ ਈ-ਆਫਿਸ ਦੀ ਨਵੀਂ ਪ੍ਰਣਾਲੀ ਨੂੰ ਅਪਣਾਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਈ-ਆਫਿਸ ਸਾਲ-2016 ਵਿੱਚ ਪਾਇਲਟ ਪ੍ਰਾਜੈਕਟ ਵਜੋਂ ਡੀ.ਸੀ ਦਫ਼ਤਰ ਦੀਆਂ 5 ਬਰਾਂਚਾਂ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਕੰਪਿਊਟਰ ਅਤੇ ਸਬੰਧਤ ਹੋਰ ਸਾਜ਼ੋ-ਸਾਮਾਨ ਤੇ ਉਪਕਰਨ ਵੀ ਮੁਹੱਈਆ ਕਰਵਾਏ ਗਏ ਸਨ ਅਤੇ ਆਉਣ ਵਾਲੀ ਸਾਰੀ ਡਾਕ ਨੂੰ ਸਕੈਨ ਕਰਨ ਲਈ ਆਰ.ਆਈ.ਏ ਸ਼ਾਖਾ ਵਿਚ ਕੇਂਦਰੀ ਰਜਿਸਟਰੀ ਯੂਨਿਟ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਰੀਆਂ ਬਰਾਂਚਾਂ ਦੇ ਕਰਮਚਾਰੀਆਂ ਨੂੰ ਬਿਨ੍ਹਾਂ ਰੁਕਾਵਟ ਨੈੱਟਵਰਕ ਦੀ ਸੁਵਿਧਾ ਪ੍ਰਦਾਨ ਕਰਨ ਲਈ ਡੀ.ਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਨੈਟਵਰਕਿੰਗ ਕੀਤੀ ਗਈ ਹੈ। ਈਸ਼ਾ ਕਾਲੀਆ ਨੇ ਕਿਹਾ ਕਿ ਸਤੰਬਰ 2019 ਵਿੱਚ ਈ-ਆਫਿਸ ਯੋਜਨਾ ਨੂੰ ਡੀ.ਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 13 ਸਤੰਬਰ ਨੂੰ ਸਾਰੇ ਅਧਿਕਾਰੀਆਂ ਨੂੰ ਈ-ਆਫਿਸ ਦੇ ਪ੍ਰਯੋਗ ਬਾਰੇ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲਈ ਸਾਰੇ ਅਧਿਕਾਰੀਆਂ ਦੇ ਈ-ਮੇਲ ਐਡਰੈੱਸ ਬਣਾਏ ਜਾ ਚੁੱਕੇ ਹਨ।