ਧਨੇਰ ਮਾਮਲਾ ਮੁੱਖ ਮੰਤਰੀ ਨਾਲ 22 ਅਕਤੂਬਰ ਨੂੰ ਮੀਟਿੰਗ ਦਾ ਸੱਦਾ ਸੰਘਰਸ਼ ਨੂੰ ਬੂਰ ਪੈਣ ਦੇ ਆਸਾਰ

ਬਰਨਾਲਾ,ਅਕਤੂਬਰ 2019- ( ਗੁਰਸੇਵਕ ਸੋਹੀ )- ਕਿਰਨਜੀਤ ਕੌਰ ਹੱਤਿਆ ਕਾਂਡ ਖ਼ਿਲਾਫ਼ ਚਰਚਿਤ ਘੋਲ ਦੇ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ 21 ਦਿਨਾਂ ਤੋਂ ਜੇਲ੍ਹ ਅੱਗੇ ਲੱਗੇ ਪੱਕੇ ਮੋਰਚੇ ’ਚ ਅੱਜ ਦੀ ਕਮਾਂਡ ਸੂਬਾਈ ਮੁਲਾਜ਼ਮ ਜਥੇਬੰਦਕ ਆਗੂਆਂ ਨੇ ਸੰਭਾਲਦਿਆਂ ਸੰਘਰਸ਼ ਨੂੰ ਹੋਰ ਮਘਾਇਆ। ਮੋਗਾ ਅਤੇ ਪਟਿਆਲਾ ਜ਼ਿਲ੍ਹਿਆਂ ਤੋਂ ਕਿਸਾਨ ਕਾਫ਼ਲਿਆਂ ’ਚ ਪੁੱਜੇ। ਸੰਘਰਸ਼ ਨੂੰ ਬੂਰ ਪੈਣ ਦੇ ਆਸਾਰ ਉਦੋਂ ਬੱਝੇ ਜਦ ਸੰਘਰਸ਼ ਕਮੇਟੀ ਨੂੰ ਮੁੱਖ ਮੰਤਰੀ ਨਾਲ 22 ਅਕਤੂਬਰ ਨੂੰ ਮੀਟਿੰਗ ਦਾ ਸੱਦਾ ਪ੍ਰਾਪਤ ਹੋਇਆ।
ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਸੁਖਦੇਵ ਸਿੰਘ ਕੋਕਰੀ ਕਲਾਂ ਤੇ ਨਰੈਣ ਦੱਤ ਨੇ ਦੱਸਿਆ ਕਿ ਮਨਜੀਤ ਸਿੰਘ ਧਨੇਰ ਦੀ ਸਜ਼ਾ ਖ਼ਿਲਾਫ਼ ਵਧਦੇ ਲੋਕ ਰੋਹ ਨੂੰ ਭਾਂਪਦਿਆਂ ਹੁਣ ਸੂਬਾ ਸਰਕਾਰ ਹਰਕਤ ਵਿਚ ਆਈ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸੰਘਰਸ਼ ਕਮੇਟੀ ਨੂੰ ਇਸ ਮਸਲੇ ਸਬੰਧੀ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਮੀਟਿੰਗ ਦਾ ਸੱਦਾ ਮਿਲਿਆ ਹੈ।
ਮੋਰਚੇ ਨੂੰ ਮਘਾਉਣ ਪੁੱਜੇ ਡੈਮੋਕਰੈਟਿਕ ਮੁਲਾਜ਼ਮ ਫਰੰਟ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਡੀਟੀਐੱਫ ਦੇ ਸੂਬਾ ਪ੍ਰਧਾਨ ਅਮਰਜੀਤ ਸ਼ਾਸਤਰੀ (ਗੁਰਦਾਸਪੁਰ), ਪਸਸਫ਼ ਸੂਬਾਈ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਐੱਸਐੱਸਏ ਰਮਸਾ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਤੋਂ ਇਲਾਵਾ ਜਸਵਿੰਦਰ ਝਬੇਲਵਾਲੀ, ਜਗਰਾਜ ਟੱਲੇਵਾਲ, ਗੁਰਮੀਤ ਸੁਖਪੁਰ, ਰਾਜੀਵ ਕੁਮਾਰ ਤੇ ਪਵਨ ਮੁਕਤਸਰ ਆਦਿ ਨੇ ਕਿਹਾ ਕਿ ਜਦ ਕਿਸੇ ਅਨਿਆਂ ਖ਼ਿਲਾਫ਼ ਇਕਜੁੱਟ ਲੋਕਾਂ ਦੀ ਕਚਹਿਰੀ ਸੜਕਾਂ ’ਤੇ ਲੱਗ ਜਾਵੇ ਤਾਂ ਸਮੇਂ ਦੇ ਹਾਕਮ ਇਨਸਾਫ਼ ਦੇ ਹੱਕ ਨੂੰ ਦਰਕਿਨਾਰ ਨਹੀਂ ਕਰ ਸਕਦੇ। ਬੁੱਧੀਜੀਵੀ ਸਰਦਾਰਾ ਸਿੰਘ ਜੌਹਲ, ਡਾ. ਅਤੁਲ ਸੂਦ ਤੇ ਜੇਐੱਨਯੂ ਦੇ ਸਾਬਕਾ ਪ੍ਰੋ. ਚਮਨ ਲਾਲ ਨੇ ਹਮਾਇਤ ਦਾ ਲਿਖਤੀ ਸੁਨੇਹਾ ਭੇਜ ਕੇ ਸੰਘਰਸ਼ ਨੂੰ ਨਵੀਂ ਤਾਕਤ ਦਿੱਤੀ। ਕਲਾ ਪ੍ਰੇਮੀ ਵਿਪਨ ਸ਼ਰਮਾ ਨੇ ਮਨਜੀਤ ਧਨੇਰ ਦਾ ਹੱਥੀਂ ਤਿਆਰ ਕੀਤਾ ਸਕੈਚ ਕਮੇਟੀ ਨੂੰ ਭੇਟ ਕੀਤਾ। ਮੈਡੀਕਲ ਪ੍ਰਕੈਟੀਸ਼ਨਰ ਐਸੋਸੀਏਸ਼ਨ ਦੇ ਕਾਮੇ ਆਪਣੇ ਸੂਬਾ ਆਗੂ ਕੁਲਵੰਤ ਪੰਡੋਰੀ ਦੀ ਅਗਵਾਈ ’ਚ ਲਗਾਤਾਰ ਮੁਫ਼ਤ ਮੈਡੀਕਲ ਸੇਵਾਵਾਂ ਦੇ ਰਹੇ ਹਨ। ਅੱਜ ਦੇ ਧਰਨੇ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ ਤੋਂ ਇਲਾਵਾ ਬਲਵੀਰ ਸਿਬੀਆ, ਅਮੋਲਕ ਡੇਹਲੋਆਣਾ, ਕੁਲਦੀਪ ਸੰਗਰੂਰ, ਅਤਿੰਦਰ ਘੱਗਾ, ਜਗਪਾਲ ਬੰਗੀ, ਅਸ਼ਵਨੀ ਟਿੱਬਾ, ਦਰਸ਼ਨ ਮੌੜ ਤੇ ਰਘਵੀਰ ਭਵਾਨੀਗੜ੍ਹ ਆਦਿ ਆਗੂ ਵੀ ਸ਼ਾਮਿਲ ਹੋਏ। 22 ਅਕਤੂਬਰ ਨੂੰ ਮੋਰਚੇ ਦੀ ਕਮਾਨ ਨੌਜਵਾਨ ਤੇ ਵਿਦਿਆਰਥੀ ਸੰਭਾਲਣਗੇ। ਇਸ ਤੋਂ ਇਲਾਵਾ ਸੰਘਰਸ਼ ਕਮੇਟੀ ਨੇ ਅਗਲੀ ਰਣਨੀਤੀ ਉਲੀਕਣ ਲਈ 23 ਅਕਤੂਬਰ ਨੂੰ ਤਰਕਸ਼ੀਲ ਭਵਨ ਬਰਨਾਲਾ ’ਚ ਜਥੇਬੰਦਕ ਆਗੂਆਂ ਦੀ ਮੀਟਿੰਗ ਬੁਲਾਈ ਹੈ।