ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦਾ 19 ਭਾਸ਼ਾਵਾਂ 'ਚ ਅਨੁਵਾਦ

ਹੁਣ ਤੁਸੀਂ ਵੱਖੋ ਵੱਖਰੀਆਂ ਜ਼ੁਬਾਨਾਂ ਵਿੱਚ ਪੜ੍ਹ ਸਕੋਗੇ 'ਜਪੁਜੀ ਸਾਹਿਬ'  

ਮਾਨਚੈਸਟਰ,ਅਕਤੂਬਰ 2019-(ਅਮਨਜੀਤ ਸਿੰਘ ਖਹਿਰਾ,ਗਿਆਨੀ ਅਮਰੀਕ ਸਿੰਘ ਰਾਠੌਰ,ਗਿਆਨੀ ਰਵਿਦਾਰਪਾਲ ਸਿੰਘ)- 

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਜਪੁਜੀ ਸਾਹਿਬ' ਦਾ ਦੁਨੀਆ ਦੀਆਂ 19 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ, ਜਿਸ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿਚ ਸ੍ਰੀ ਹਰਮੰਦਿਰ ਸਾਹਿਬ ਦੇ ਅਜਾਇਬ ਘਰ ਨੂੰ ਸੌਂਪਿਆ ਜਾਵੇਗਾ। ਸਿੱਖ ਧਰਮ ਇੰਟਰਨੈਸ਼ਨਲ ਨੇ ਦੁਨੀਆ ਭਰ ਵਿਚ ਵਸੇ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਲ ਬਾਣੀ 'ਜਪੁਜੀ ਸਾਹਿਬ' ਦਾ ਅੰਗਰੇਜ਼ੀ ਅਤੇ ਵਿਸ਼ਵ ਦੀਆਂ ਹੋਰਨਾਂ 18 ਭਾਸ਼ਾਵਾਂ ਵਿਚ ਅਨੁਵਾਦ ਕਰਵਾਇਆ ਹੈ। 'ਜਪੁਜੀ ਸਾਹਿਬ- ਦਾ ਲਾਈਟ ਆਫ਼ ਗੁਰੂ ਨਾਨਕ ਫਾਰ ਦ ਵਰਲਡ' ਸਿਰਲੇਖ ਦੀਆਂ ਇਨ੍ਹਾਂ ਕਿਤਾਬਾਂ ਦੇ ਰੰਗੀਨ ਕਵਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ, ਜਿਸ ਦੇ ਚਾਰੇ ਪਾਸੇ ੴ ਦਾ ਪਵਿੱਤਰ ਨਿਸ਼ਾਨ ਹੈ। ਚਾਂਦੀ ਦੇ ਕਵਰ 'ਤੇ ਸੁੰਦਰ ਵੇਲ-ਬੂਟੇ ਤਰਾਸ਼ੇ ਗਏ ਹਨ ਅਤੇ ਇਸ ਨੂੰ ਮੋਤੀਆਂ ਅਤੇ ਕੀਮਤੀ ਨਗਾਂ ਨਾਲ ਸਜਾਇਆ ਗਿਆ ਹੈ। ਹਰੇਕ ਕਿਤਾਬ ਦੇ 400 ਪੰਨਿਆਂ ਨੂੰ ਬਹੁਤ ਕਲਾਤਮਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਕਿਨਾਰਿਆਂ 'ਤੇ ਉਸ ਦੇਸ਼ ਦੇ ਫੁੱਲਾਂ ਦੇ ਚਿੱਤਰ ਤਰਾਸ਼ੇ ਗਏ ਹਨ ਜਿਸ ਦੇਸ਼ ਦੀ ਭਾਸ਼ਾ ਵਿਚ ਇਸ ਦਾ ਅਨੁਵਾਦ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਅਮਰੀਕਾ ਵਿਚ 1973 ਵਿਚ ਸਥਾਪਿਤ ਐਸ.ਡੀ.ਆਈ. ਨਾਲ ਸਬੰਧਿਤ ਸ਼ਾਂਤੀ ਕੌਰ ਖ਼ਾਲਸਾ ਨੇ ਦਿੱਤੀ।