ਸਿੱਖ ਫੈੱਡਰੇਸ਼ਨ ਯੂ. ਕੇ. ਵਲੋਂ ਇਤਰਾਜ਼ ਤੋਂ ਬਾਅਦ ਸਿੱਖਾਂ ਬਾਰੇ ਰਿਪੋਰਟ ਬਰਤਾਨਵੀ ਸਰਕਾਰ ਨੇ ਵੈੱਬਸਾਈਟ ਤੋਂ ਹਟਾਈ

ਲੰਡਨ, ਅਕਤੂਬਰ  2019- ( ਗਿਆਨੀ ਰਵਿਦਾਰਪਾਲ ਸਿੰਘ)- ਬਰਤਾਨੀਆ 'ਚ ਜਾਰੀ ਹੋਈ ਇਕ ਰਿਪੋਰਟ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ | ਇਹ ਰਿਪੋਰਟ ਯੂ. ਕੇ. 'ਚ ਅੱਤਵਾਦ ਖ਼ਤਰਿਆਂ ਬਾਰੇ ਕਰਵਾਏ ਗਏ ਇਕ ਸਰਵੇਖਣ ਤੋਂ ਬਾਅਦ ਤਿਆਰ ਕਰਵਾਈ ਗਈ | ਸਰਵੇਖਣ 'ਚ ਮੰਨਿਆ ਗਿਆ ਸੀ ਕਿ ਸਿੱਖਾਂ ਤੋਂ ਸਭ ਤੋਂ ਘੱਟ ਖ਼ਤਰਾ ਹੈ, 3000 ਲੋਕਾਂ ਆਧਾਰਿਤ ਇਸ ਸਰਵੇਖਣ 'ਚ ਹਿੱਸਾ ਲੈਣ ਵਾਲੇ 59 ਫ਼ੀਸਦੀ ਲੋਕਾਂ ਦਾ ਮੰਨਣਾ ਸੀ ਕਿ ਇਸਲਾਮਿਕ ਕੱਟੜਵਾਦ ਤੋਂ ਖ਼ਤਰਾ ਹੈ, 37 ਫ਼ੀਸਦੀ ਸੱਜੇ ਪੱਖੀ, 29 ਫ਼ੀਸਦੀ ਖੱਬੇ ਪੱਖੀ, 22 ਫ਼ੀਸਦੀ ਸਰਕਾਰ ਵਿਰੋਧੀ, 20 ਫ਼ੀਸਦੀ ਜਾਨਵਰ ਹੱਕਾਂ ਵਾਲੇ, 12 ਫ਼ੀਸਦੀ ਇਸਾਈ, 9 ਫ਼ੀਸਦੀ ਵਾਤਾਵਰਨ ਹੱਕਾਂ ਵਾਲੇ, 5 ਫ਼ੀਸਦੀ ਹਿੰਦੂ, 5 ਫ਼ੀਸਦੀ ਯਹੂਦੀ ਅਤੇ 3 ਫ਼ੀਸਦੀ ਸਿੱਖ ਕੱਟੜਵਾਦ ਤੋਂ ਖ਼ਤਰਾ ਮੰਨਦੇ ਸਨ | ਇਸ ਸਰਵੇਖਣ ਤੋਂ ਬਾਅਦ ਬਰਮਿੰਘਮ ਯੂਨੀਵਰਸਿਟੀ ਦੀ ਲੈਕਚਰਾਰ ਡਾ: ਜਗਬੀਰ ਜੋਤੀ ਜੌਹਲ ਅਤੇ ਪੱਤਰਕਾਰ ਸਨੀ ਹੁੰਦਲ ਵਲੋਂ ਇਕ ਅਕਾਦਮਿਕ ਰਿਪੋਰਟ ਤਿਆਰ ਕੀਤੀ ਗਈ ਜਿਸ ਰਿਪੋਰਟ ਨੂੰ ਸਰਕਾਰੀ ਵੈੱਬਸਾਈਟ ਵਲੋਂ ਜਾਰੀ ਕੀਤਾ ਗਿਆ | ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਸਰਵੇਖਣ ਅਨੁਸਾਰ ਜਦੋਂ ਸਿੱਖ ਕੱਟੜਵਾਦਤਾ ਸਭ ਤੋਂ ਘੱਟ ਖ਼ਤਰਾ ਮੰਨਿਆ ਗਿਆ ਹੈ ਫਿਰ ਸਿੱਖਾਂ ਬਾਰੇ ਖ਼ਾਸ ਰਿਪੋਰਟ ਕਿਉਂ ਤਿਆਰ ਕੀਤੀ ਗਈ ਹੈ | ਦੂਸਰਾ ਇਸ ਰਿਪੋਰਟ 'ਚ ਸਿੱਖਾਂ ਦੀ ਕਿਸੇ ਜ਼ਿੰਮੇਵਾਰ ਸੰਸਥਾ ਤੋਂ ਪੁੱਛਿਆ ਤੱਕ ਨਹੀਂ ਗਿਆ | ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਕਾਊਾਟਰ ਇਕਸਟ੍ਰੀਜ਼ਮ ਦੀ ਕਮਿਸ਼ਨਰ ਸਾਰਾ ਖ਼ਾਨ ਨੂੰ ਇਸ ਰਿਪੋਰਟ ਬਾਰੇ ਇਤਰਾਜ਼ ਪ੍ਰਗਟਾਏ ਜਾਣ ਤੋਂ ਇਕ ਦਿਨ ਬਾਅਦ ਹੀ ਸਰਕਾਰੀ ਵੈੱਬਸਾਈਟ ਤੋਂ ਹਟਾ ਲਿਆ ਗਿਆ | ਭਾਈ ਗਿੱਲ ਨੇ ਕਿਹਾ ਕਿ ਕਿਸੇ ਜ਼ਿੰਮੇਵਾਰ ਸਿੱਖ ਸੰਸਥਾ ਨਾਲ ਗੱਲਬਾਤ ਕਰਨ ਤੋਂ ਬਿਨਾਂ ਹੀ ਅਜਿਹੀਆਂ ਰਿਪੋਰਟਾਂ ਜਾਰੀ ਕਰਨ ਨਾਲ ਸਿੱਖ ਭਾਈਚਾਰੇ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਨ੍ਹਾਂ ਰਿਪੋਰਟ 'ਚ ਸਿੱਖ ਲੜਕੀਆਂ ਨੂੰ ਮੁਸਲਿਮ ਪਾਕਿਸਤਾਨੀ ਲੜਕਿਆਂ ਵਲੋਂ ਗੁੰਮਰਾਹ ਕਰਨ ਬਾਰੇ ਪਹਿਲਾਂ ਛਪੀ ਰਿਪੋਰਟ ਨੂੰ ਗ਼ਲਤ ਸਾਬਤ ਦੀ ਕੋਸ਼ਿਸ਼ 'ਤੇ ਵੀ ਇਤਰਾਜ਼ ਕੀਤਾ | ਸ: ਗਿੱਲ ਨੇ ਕਿਹਾ ਕਿ ਬੀਤੇ ਕਈ ਦਹਾਕਿਆਂ ਤੋਂ ਸਿੱਖ ਮਾਪੇ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਪਰ ਅਫ਼ਸੋਸ ਕਿ ਨਵੀਂ ਰਿਪੋਰਟ 'ਚ ਮੁਸਲਿਮ ਭਾਈਚਾਰੇ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਿਆਂ ਗੰਭੀਰ ਮਸਲੇ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ, ਇਸੇ ਤਰ੍ਹਾਂ ਅੰਤਰ ਧਰਮੀ ਵਿਆਹਾਂ ਬਾਰੇ ਵੀ ਗੁੰਮਰਾਹ ਕੀਤਾ ਗਿਆ ਹੈ | ਭਾਈ ਗਿੱਲ ਨੇ ਕਿਹਾ ਕਿ ਅਸੀਂ ਜੁਲਾਈ 2019 'ਚ ਵੀ ਕਮਿਸ਼ਨ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ, ਜਿਸ ਵੱਲ ਤਵੱਜੋ ਨਹੀਂ ਦਿੱਤੀ ਗਈ | ਜਦਕਿ ਕਮਿਸ਼ਨਰ ਸਾਰਾ ਖ਼ਾਨ ਨਾਲ ਅਗਲੇ ਦਿਨਾਂ 'ਚ ਸਿੱਖਾਂ ਦੀ ਮੀਟਿੰਗ ਹੋ ਰਹੀ ਹੈ ਤੇ ਕਮਿਸ਼ਨ ਨੇ ਸਰਕਾਰੀ ਵੈੱਬਸਾਈਟ ਤੋਂ ਰਿਪੋਰਟ ਨੂੰ ਹਟਾ ਲਿਆ ਹੈ | ਸਿੱਖ ਭਾਈਚਾਰੇ ਨੇ ਰਿਪੋਰਟ 'ਤੇ ਬਰਮਿੰਘਮ ਯੂਨੀਵਰਸਿਟੀ ਦੇ ਲੱਗੇ ਲੋਗੋ 'ਤੇ ਵੀ ਇਤਰਾਜ਼ ਪ੍ਰਗਟ ਕੀਤਾ ਹੈ | ਯੁਨਾਈਟਡ ਖ਼ਾਲਸਾ ਦਲ ਯੂ. ਕੇ. ਵਲੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਉਕਤ ਰਿਪੋਰਟ ਗ਼ਲਤ ਕਿਹਾ ਹੈ |