ਤਿੰਨ ਵਿਗਿਆਨੀਆਂ ਨੂੰ ਮਿਲਿਆ ਮੈਡੀਸਨ ਦਾ ਨੋਬੇਲ ਪੁਰਸਕਾਰ

ਸਟਾਕਹੋਮ,ਅਕਤੂਬਰ 2019-(ਏਜਸੀ)-ਅਮਰੀਕਾ ਦੇ ਵਿਗਿਆਨੀਆਂ ਵਿਲੀਅਮ ਕਾਲਿਨ ਤੇ ਗ੍ਰੇਗ ਸੇਮੇਂਜ਼ਾ ਅਤੇ ਬ੍ਰਿਟੇਨ ਦੇ ਪੀਟਰ ਰੈਟਕਲਿਫ ਨੇ ਸਾਂਝੇ ਤੌਰ ’ਤੇ ਸੋਮਵਾਰ ਨੂੰ ਮੈਡੀਸਨ ਦਾ ਨੋਬੇਲ ਪੁਰਸਕਾਰ ਜਿੱਤਿਆ ਹੈ। ਨੋਬੇਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਖੋਜਕਾਰਾਂ ਨੂੰ ਮੈਡੀਕਲ ਖੇਤਰ ’ਚ ਅਹਿਮ ਖੋਜਾਂ ਲਈ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ਜਿਊਰੀ ਨੇ ਕਿਹਾ,‘‘ਖੋਜਕਾਰਾਂ ਨੇ ਦੱਸਿਆ ਕਿ ਕਿਵੇਂ ਆਕਸੀਜਨ ਦਾ ਪੱਧਰ ਵਿਅਕਤੀ ਦੇ ਸੈਲੂਲਰ ਮੈਟਾਬੋਲਿਜ਼ਮ ਅਤੇ ਸਰੀਰਕ ਕਾਰਜ ਪ੍ਰਣਾਲੀ ’ਤੇ ਅਸਰ ਪਾਉਂਦੇ ਹਨ।’’ ਉਨ੍ਹਾਂ ਕਿਹਾ ਕਿ ਇਸ ਖੋਜ ਨੇ ਅਨੀਮੀਆ, ਕੈਂਸਰ ਅਤੇ ਹੋਰ ਕਈ ਬਿਮਾਰੀਆਂ ਨਾਲ ਲੜਨ ਦੀਆਂ ਨਵੀਆਂ ਰਣਨੀਤੀਆਂ ਦਾ ਰਾਹ ਪੱਧਰਾ ਕੀਤਾ ਹੈ। ਕਾਲਿਨ ਅਮਰੀਕਾ ਦੇ ਹਾਵਰਡ ਹਿਊਜਿਸ ਮੈਡੀਕਲ ਇੰਸਟੀਚਿਊਟ ’ਚ ਕੰਮ ਕਰਦੇ ਹਨ ਜਦਕਿ ਸੇਮੇਂਜ਼ਾ ਜੌਹਨ ਹੌਪਕਿਨਜ਼ ਇੰਸਟੀਚਿਊਟ ਫਾਰ ਸੈੱਲ ਇੰਜਨੀਅਰਿੰਗ ’ਚ ਵੈਸਕੂਲਰ ਰਿਸਰਚ ਪ੍ਰੋਗਰਾਮ ਦਾ ਡਾਇਰੈਕਟਰ ਹੈ। ਰੈਟਕਲਿਫ ਲੰਡਨ ਦੇ ਫਰਾਂਸਿਸ ਕ੍ਰਿਕ ਇੰਸਟੀਚਿਊਟ ’ਚ ਕਲੀਨਿਕਲ ਰਿਸਰਚ ਦੇ ਡਾਇਰੈਕਟਰ ਹਨ। ਉਨ੍ਹਾਂ ਨੂੰ 10 ਦਸੰਬਰ ਨੂੰ ਰਸਮੀ ਸਮਾਗਮ ਦੌਰਾਨ ਰਾਜਾ ਕਾਰਲ 16ਵੇਂ ਗੁਸਤਾਫ਼ ਤੋਂ ਇਹ ਪੁਰਸਕਾਰ ਮਿਲੇਗਾ।