You are here

ਦੁਨੀਆ ਭਰ ਤੋਂ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਹੋਏ ਨਤਮਸਤਕ

ਲਾਹੌਰ,ਸਤੰਬਰ 2019-(ਏਜੰਸੀ)-

ਪਾਕਿਸਤਾਨ ਦੇ ਕਰਤਾਰਪਰ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 480ਵੇਂ ਜੋਤੀ-ਜੋਤ ਦਿਵਸ ਸਬੰਧੀ ਕਰਵਾਏ ਗਏ ਤਿੰਨ ਰੋਜ਼ਾ ਸਮਾਗਮ ਦੇ ਆਖ਼ਰੀ ਦਿਨ ਵਿਸ਼ਵ ਭਰ ਤੋਂ ਸਿੱਖ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਕੋਲ ਵੀ ਲਿਜਾਇਆ ਗਿਆ ਜਿਸ ਨਾਲ ਕਰਤਾਰਪੁਰ ਦਾ ਸਿੱਧਾ ਸੰਪਰਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੁੜ ਜਾਵੇਗਾ। ਵਿਸ਼ਵ ਭਰ ਤੋਂ ਪੁੱਜੇ ਸ਼ਰਧਾਲੂਆਂ ਨੇ ਪਾਕਿਸਤਾਨ ਸਥਿਤ ਗੁਰਧਾਮਾਂ ਵਿੱਚ ਮੱਥਾ ਟੇਕਿਆ। ਇਨ੍ਹਾਂ ਸ਼ਰਧਾਲੂਆਂ ਵਿੱਚ ਕੈਨੇਡਾ ਸਮੇਤ ਵੱਖ-ਵੱਖ ਯੂਰਪੀ ਦੇਸ਼ਾਂ ਨਾਲ ਸਬੰਧਤ ਸ਼ਰਧਾਲੂ ਸ਼ਾਮਲ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕਰਤਾਰਪੁਰ ਲਾਂਘਾ ਨਵੰਬਰ ਵਿੱਚ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 7 ਨਵੰਬਰ ਤੋਂ ਸ਼ੁਰੂ ਹੋਣਗੇ ਜੋ 15 ਨਵੰਬਰ ਤਕ ਜਾਰੀ ਰਹਿਣਗੇ। ਪ੍ਰਾਜੈਕਟ ਡਾਇਰੈਕਟਰ ਆਤਿਫ ਮਾਜਿਦ ਨੇ ਪਿਛਲੇ ਹਫ਼ਤੇ ਇਹ ਪੁਸ਼ਟੀ ਕੀਤੀ ਸੀ ਕਿ ਲਾਂਘੇ ਦੀ ਉਸਾਰੀ ਦਾ 86 ਫ਼ੀਸਦੀ ਕੰਮ ਨਿਬੇੜ ਲਿਆ ਗਿਆ ਹੈ ਅਤੇ ਲਾਂਘਾ 9 ਨਵੰਬਰ ਨੂੰ ਚਾਲੂ ਕਰ ਦਿੱਤਾ ਜਾਵੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਦੇ ਪ੍ਰਧਾਨ ਸਤਵੰਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਇਸ ਪਲ ਦੀ 72 ਵਰ੍ਹੇ ਉਡੀਕ ਕੀਤੀ ਹੈ ਅਤੇ ਹੁਣ ਇਹ ਸੁਫ਼ਨਾ ਸੱਚ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਾਂਘੇ ਦੇ ਖੁੱਲ੍ਹਣ ਨਾਲ ਦੋਵੇਂ ਮੁਲਕਾਂ ਵਿੱਚ ਸ਼ਾਂਤਮਈ ਸਬੰਧ ਕਾਇਮ ਹੋਣਗੇ ਅਤੇ ਸਿੱਖ ਹਮੇਸ਼ਾਂ ਪਾਕਿਸਤਾਨ ਸਰਕਾਰ ਦੇ ਸ਼ੁਕਰਗੁਜ਼ਾਰ ਰਹਿਣਗੇ।