You are here

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਸ਼ਾਲ ਸ੍ਵੈ-ਇੱਛਕ ਖੂਨਦਾਨ ਕੈਂਪ ਆਯੋਜਿਤ

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਉੱਚੇਰੀ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਮੋਹਰੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਾਰਮੈਸੀ ਵੱਲੋਂ ਡਾ. ਮਨੋਜ ਕੁਮਾਰ, ਐਸੋਸਿਏਟ ਡੀਨ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਤਰਨਵੀਰ ਸਿੰਘ  ਦੀ ਟੀਮ ਵੱਲੋਂ 115 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਡਾ. ਮਨੋਜ ਨੇ ਕਿਹਾ ਕਿ ਜੀ.ਕੇ.ਯੂ. ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਨ੍ਹਾਂ ਨੂੰ ਸੰਸਕਾਰਿਤ ਵੀ ਕਰਦੀ ਹੈ। ਜਿਸ ਦੇ ਲਈ ਵਰਸਿਟੀ ਵੱਲੋਂ ਵੱਖ-ਵੱਖ ਸਮੇਂ ਸਮਾਜ ਸੇਵਾ ਲਈ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਜਿਸ ਲੜੀ ਤਹਿਤ ਇਹ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਰਸਿਟੀ ਵੱਲੋਂ ਪਹਿਲਾਂ ਹੀ ਸਫਾਈ ਮੁਹਿੰਮ, ਰੁੱਖ ਲਗਾਓ ਵਾਤਾਵਰਣ ਬਚਾਓ ਵਰਗੀਆਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਧੰਨਵਾਦੀ ਭਾਸ਼ਣ ਵਿੱਚ ਦਵਿੰਦਰ ਮਹੇਸ਼ਵਰੀ, ਵਿਭਾਗ ਮੁਖੀ ਨੇ ਦੱਸਿਆ ਕਿ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਉਨ੍ਹਾਂ ਇਹ ਵੀ ਕਿਹਾ ਕਿ ਖੂਨ ਦਾ ਉਤਪਾਦਨ ਕਿਸੇ ਵੀ ਮਸ਼ੀਨ ਜਾਂ ਫੈਕਟਰੀ ਵਿੱਚ ਨਹੀਂ ਕੀਤਾ ਜਾ ਸਕਦਾ, ਇਸ ਲਈ ਲੋੜ ਪੈਣ ਤੇ ਸ੍ਵੈ-ਇੱਛੁਕ ਖੂਨਦਾਨੀ ਹੀ ਮਰੀਜ਼ਾਂ ਲਈ ਮਸੀਹਾ ਬਣ ਕੇ ਆਉਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਤਾਂਕਿ ਦੁਰਘਟਨਾ ਜਾਂ ਬਿਮਾਰੀ ਵਿੱਚ ਲੋੜਵੰਦ ਮਰੀਜ਼ਾਂ ਨੂੰ ਇਹ ਮੁਹੱਈਆ ਕਰਵਾਇਆ ਜਾ ਸਕੇ।