ਬਰਮਿੰਘਮ/ਅਮਰੀਕਾਂ,ਸਤੰਬਰ 2019-
ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਨੇ ਸਿਆਹਫਾਮ ਅਮਰੀਕੀਆਂ ਦੇ ਮਨੁੱਖੀ ਹੱਕਾਂ ਲਈ ਚੱਲੇ ਅੰਦੋਲਨ ਦੌਰਾਨ ਬੰਬ ਧਮਾਕਿਆਂ ਦਾ ਸ਼ਿਕਾਰ ਬਣਾਏ ਗਏ ਚਰਚ ਦਾ ਅੱਜ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਨਸਲੀ ਤਣਾਅ ਲਗਾਤਾਰ ਜਾਰੀ ਸੰਘਰਸ਼ ਦਾ ਹੀ ਹਿੱਸਾ ਹੈ ਤੇ ਇਹ ਮੁਲਕ ਦੀ ਹੋਂਦ ਤੋਂ ਵੀ ਪਹਿਲਾਂ ਦਾ ਹੈ। ਬਿਡੇਨ ਨੇ ਕਿਹਾ ਕਿ ਸਦੀਆਂ ਤੋਂ ਹਿੰਸਾ, ਭੈਅ, ਤਣਾਅ ਸਿਆਹਫਾਮ ਲੋਕਾਂ ’ਤੇ ਥੋਪਿਆ ਗਿਆ। ਬਿਡੇਨ ਨੇ ਇਹ ਵਿਚਾਰ 16ਵੇਂ ਸਟ੍ਰੀਟ ਬੈਪਟਿਸਟ ਚਰਚ ’ਚ ਹੋਈ ਇਕੱਤਰਤਾ ਮੌਕੇ ਪ੍ਰਗਟਾਏ। ਇਸ ਚਰਚ ’ਤੇ ਹਮਲਾ 1963 ਵਿਚ ਕੀਤਾ ਗਿਆ ਸੀ ਤੇ ਚਾਰ ਲੜਕੀਆਂ ਦੀ ਮੌਤ ਹੋ ਗਈ ਸੀ। ਬਿਡੇਨ ਬਜ਼ੁਰਗ ਸਿਆਹਫਾਮ ਵੋਟਰਾਂ ਨੂੰ ਹੱਕ ਵਿਚ ਕਰਨਾ ਚਾਹੁੰਦੇ ਹਨ ਜਦਕਿ ਕੁਝ ਅਫ਼ਰੀਕੀ-ਅਮਰੀਕੀ ਤੇ ਗ਼ੈਰ ਗੋਰੇ ਨੌਜਵਾਨ ਆਗੂ ਉਨ੍ਹਾਂ ਦਾ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਨੂੰ ਇਕ ਗੋਰੇ ਆਗੂ ਵਜੋਂ ਬਿਡੇਨ (76) ਦੇ ਇਰਾਦਿਆਂ ’ਤੇ ਸ਼ੱਕ ਹੈ ਕਿ ਉਹ ਮੁਲਕ ਵਿਚਲੀ ਢਾਂਚਾਗਤ ਨਸਲੀ ਨਫ਼ਰਤ ਨਾਲ ਨਜਿੱਠਣ ਲਈ ਚਾਹਵਾਨ ਤੇ ਸਮਰੱਥ ਹਨ ਕਿ ਨਹੀਂ।
ਆਪਣੇ 20 ਮਿੰਟ ਦੇ ਭਾਸ਼ਨ ਵਿਚ ਬਿਡੇਨ ਨੇ ਸੰਸਥਾਗਤ ਨਸਲੀ ਨਫ਼ਰਤ ਦੀ ਨਿਖੇਧੀ ਕੀਤੀ। ਮੁਲਕ ਕਦੇ ਵੀ ਸਮਾਨਤਾ ਦੇ ਆਦਰਸ਼ਾਂ ਲਈ ‘ਆਸ ਮੁਤਾਬਕ’ ਨਹੀਂ ਲੜਿਆ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘ਜਿਹੜੇ ਗੋਰੇ ਹਨ ਕੋਸ਼ਿਸ਼ ਕਰਨ ਪਰ ਅਸੀਂ ਫਿਰ ਵੀ ਸ਼ਾਇਦ ਕਦੇ ਪੂਰੀ ਤਰ੍ਹਾਂ ਨਹੀਂ ਸਮਝ ਸਕਾਂਗੇ।’ ਬਰਾਕ ਓਬਾਮਾ ਦੇ ਡਿਪਟੀ ਰਹੇ ਬਿਡੇਨ ਦੇ ਸਿਆਹਫਾਮ ਭਾਈਚਾਰੇ ਨਾਲ ਮਜ਼ਬੂਤ ਰਿਸ਼ਤੇ ਹਨ।