ਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜੋ ਕਣਕ ਅਤੇ ਚਾਵਲ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਪਰ ਖੇਤੀ ਖਰਚੇ ਵੱਧਣ ਕਾਰਨ ਕਿਸਾਨਾਂ ਅਨੁਸਾਰ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਖੇਤੀ ਮਾਹਿਰਾਂ ਅਨੁਸਾਰ ਜੇਕਰ ਕਿਸਾਨ ਆਧੁਨਿਕ ਤਕਨੀਕ ਅਤੇ ਬਦਲਵੇਂ ਫਸਲੀ ਚੱਕਰ ਅਨੁਸਾਰ ਖੇਤੀ ਕਰਨ ਤਾਂ ਖੇਤੀ ਲਾਹੇਵੰਦ ਅਤੇ ਸੱਭ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਵਾਲਾ ਧੰਦਾ ਬਣ ਸਕਦੀ ਹੈ। ਇਸ ਤਰ੍ਹਾਂ ਦੇ ਵਿਸ਼ਿਆਂ ਤੇ ਵਿਚਾਰ ਚਰਚਾ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ 29 ਅਗਸਤ ਤੋਂ 31 ਅਗਸਤ 2024 ਨੂੰ “ਅੰਤਰ-ਰਾਸ਼ਟਰੀ ਕਾਨਫਰੰਸ ਸੀਟਾਸ-2024” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਖੇਤੀ ਨਾਲ ਜੁੜੇ ਰਹਿਣ ਅਤੇ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਹੋ ਰਹੇ ਪ੍ਰਵਾਸ ਨੂੰ ਰੋਕਣ ਲਈ ਜੀ.ਕੇ.ਯੂ ਵੱਲੋਂ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਤਨਾਂ ਦੀ ਲੜੀ ਤਹਿਤ ਅੰਤਰ-ਰਾਸ਼ਟਰੀ ਕਾਨਫਰੰਸ ਦੇ ਸ਼ਾਨਦਾਰ ਅਤੇ ਵੱਡੇ ਪੱਧਰ ‘ਤੇ ਆਯੋਜਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਾਨਫਰੰਸ ਵਿੱਚ ਸਕੱਤਰ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ, ਮਹਾਂ ਨਿਰਦੇਸ਼ਕ, ਆਈ.ਸੀ.ਏ.ਆਰ ਡਾ. ਹਿਮਾਂਸੂ ਪਾਠਕ, ਬਤੌਰ ਮੁੱਖ ਮਹਿਮਾਨ, ਡਿਪਟੀ ਡਾਇਰੈਕਟਰ ਖੇਤੀਬਾੜੀ ਸਿੱਖਿਆ, ਆਈ.ਸੀ.ਏ.ਆਰ. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਡਾ. ਆਰ.ਸੀ. ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਾਨਫਰੰਸ ਵਿੱਚ ਕੈਨੇਡਾ ਤੋਂ ਨਾਮਵਰ ਖੇਤੀ ਵਿਗਿਆਨੀ ਡਾ. ਓਮ ਪ੍ਰਕਾਸ਼ ਡਾਂਗੀ, ਜਿਨ੍ਹਾਂ ਨੇ ਸਰਦੀਆਂ ਵਿੱਚ ਪੈਦਾ ਹੋਣ ਵਾਲੇ ਮੋਟੇ ਅਨਾਜ ਦੀ ਖੋਜ ਕੀਤੀ ਅਤੇ ਆਧੁਨਿਕ ਖੇਤੀ ਦੇ ਮਾਹਿਰ ਡਾ. ਓ.ਪੀ.ਧਨਖੜ, ਅਮਰੀਕਾ, ਦਾ ਵਿਸ਼ੇਸ਼ ਲੈਕਚਰ ਹੋਵੇਗਾ। ਇਸ ਤੋਂ ਇਲਾਵਾ ਪ੍ਰਤੀ ਏਕੜ ਵੱਧ ਝਾੜ ਲੈਣ ਅਤੇ ਵਾਤਾਵਰਣ ਪੱਖੀ ਖੇਤੀ ਅਤੇ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਫਸਲਾਂ ਪੈਦਾ ਕਰਨ ਆਦਿ ਵਿਸ਼ਿਆਂ ‘ਤੇ ਵਿਚਾਰ ਚਰਚਾ ਹੋਵੇਗੀ ਅਤੇ ਵਿਸ਼ਵ ਦੇ ਲਗਭਗ 500 ਤੋਂ ਵੱਧ ਖੇਤੀ ਮਾਹਿਰਾਂ ਦੇ ਖੋਜ ਪੱਤਰ ਪੜ੍ਹੇ ਜਾਣਗੇ। ਇਸ ਮੌਕੇ ਡਾ. ਵਰਿੰਦਰ ਸਿੰਘ ਪਾਹਿਲ, ਐਡਵਾਈਜ਼ਰ ਟੂ ਚਾਂਸਲਰ ਨੇ ਦੱਸਿਆ ਕਿ ਆਈ.ਸੀ.ਏ.ਆਰ ਵੱਲੋਂ ਪ੍ਰਾਯੋਜਿਤ, ਜਸਟ ਐਜੂਕੇਸ਼ਨ ਗੁਰੱਪ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਤੇ ਬਾਗਬਾਣੀ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕਾਨਫਰੰਸ ਵਿੱਚ ਖੇਤੀ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਮਾਹਿਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਖੇਤੀ ਮਾਹਿਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਨਫਰੰਸ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ ਦਿੱਤਾ।