ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੇ ਕਤਲ ਸਬੰਧੀ ਸਪਲੀਮੈਂਟਰੀ ਚਲਾਨ ਪੇਸ਼

ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ

ਸੰਗਰੂਰ, ਸਤੰਬਰ 2019- ( ਸਤਪਾਲ ਸਿੰਘ ਦੇਹੜਕਾ )- 

19 ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਵਲੋਂ ਪੰਜਾਬ 'ਚ ਆ ਕੇ ਕਰਵਾਏ ਪ੍ਰੇਮ ਵਿਆਹ ਤੋਂ ਬਾਅਦ ਹੋਏ ਉਸ ਦੇ ਕਤਲ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਉਸ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਵਾਸੀ ਕਾਉਂਕੇ ਖੋਸਾ ਦੇ ਬਿਆਨਾਂ 'ਤੇ ਦਰਜ ਹੋਏ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ 'ਚ ਪੁਲਿਸ ਵਲੋਂ ਮਲੇਰਕੋਟਲਾ ਅਦਾਲਤ 'ਚ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਅੱਜ ਸੰਗਰੂਰ ਵਿਖੇ ਵਧੀਕ ਸੈਸ਼ਨ ਜੱਜ ਸਮ੍ਰਿਤੀ ਧੀਰ ਦੀ ਅਦਾਲਤ ਨੇ ਜੱਸੀ ਦੀ ਮਾਂ ਮਲਕੀਤ ਕੌਰ ਵਾਸੀ ਲੰਡੇਕੇ (ਮੋਗਾ) ਹਾਲ ਆਬਾਦ ਮੈਪਲ ਰਿਡਜ਼ ਬੀ.ਸੀ. ਕੈਨੇਡਾ ਅਤੇ ਮਾਮੇ ਸੁਰਜੀਤ ਸਿੰਘ ਬਦੇਸਾ ਵਾਸੀ ਕਾਉਂਕੇ (ਲੁਧਿਆਣਾ) ਹਾਲ ਆਬਾਦ ਮੇਪਲ ਰਿਡਜ਼ ਬੀ.ਸੀ. ਕੈਨੇਡਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302, 307, 364, 148, 149, 120 ਬੀ ਅਧੀਨ ਦੋਸ਼ ਆਇਦ ਕੀਤੇ ਹਨ ਅਤੇ ਅਗਲੀ ਸੁਣਵਾਈ 'ਤੇ ਗਵਾਹੀਆਂ ਲਈ ਸੰਮਨ ਜਾਰੀ ਕਰ ਦਿੱਤੇ ਹਨ। ਸੰਗਰੂਰ ਅਦਾਲਤ 'ਚ ਚੱਲੇ ਇਸ ਪ੍ਰਸਿੱਧ ਕੇਸ ਦੇ ਮੁਦਈ ਸੁਖਵਿੰਦਰ ਸਿੰਘ ਮਿੱਠੂ (ਮ੍ਰਿਤਕ ਜੱਸੀ ਦੇ ਪਤੀ) ਵਲੋਂ ਪੈਰਵੀ ਕਰ ਚੁੱਕੇ ਪ੍ਰਸਿੱਧ ਵਕੀਲ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਮਾਂ ਅਤੇ ਮਾਮਾ ਨਿਆਇਕ ਹਿਰਾਸਤ 'ਤੇ ਐਨ.ਆਰ.ਆਈ. ਜੇਲ੍ਹ ਕਪੂਰਥਲਾ ਵਿਚ ਹਨ। ਦੋਵਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਦੋਵਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ।