ਸ੍ਰੀ ਮੁਕਤਸਰ ਸਾਹਿਬ ( ਜਨ ਸ਼ਕਤੀ ਨਿਊਜ਼ ਬਿਊਰੋ) ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਅਤੇ ਓਹਨਾਂ ਦੀ ਸਮੁੱਚੀ ਟੀਮ ਵਲੋਂ ਉਪਰੋਕਤ ਨਿਵੇਕਲਾ ਕਾਰਜ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਅਤੇ ਪ੍ਰਸਾਰਤਾ ਲਈ ਬੱਚਿਆਂ ਦੇ ਹੱਥਾਂ ਵਿੱਚ ਪੁਸਤਕਾਂ ਦੇਣ ਦੇ ਮੰਤਵ,ਅਤੇ ਓਹਨਾਂ ਵਿੱਚ ਪੰਜਾਬੀ ਮਾਂ ਬੋਲੀ ਪ੍ਰਤੀ ਰੁੱਚੀ ਪੈਦਾ ਕਰਨ ਅਤੇ ਨੰਨੇ ਮੁੰਨੇ ਹੱਥਾਂ ਵਿੱਚੋਂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਪਵਨ ਪਾਣੀ ਅਤੇ ਵਾਤਾਵਰਨ ਜਿਹੇ ਸੰਵੇਦਨਸ਼ੀਲ ਮੁੱਦੇ ਅਤੇ ਅਲੋਪ ਹੋ ਰਹੇ ਪੰਛੀਆਂ ਲਈ ਆਪਣੇ ਪੁਰਖਿਆਂ ਤੋਂ ਕੁੱਝ ਸੁਣ ਅਤੇ ਸਮਝ ਕੇ ਲਿਖਣ ਦਾ ਇੱਕ ਬਹੁਤ ਵੱਡੇ ਮੰਤਵ ਨਾਲ ਸ਼ੁਰੂ ਕੀਤਾ ਪ੍ਰੋਜੈਕਟ ਹੈ।ਜਿਸ ਨੂੰ ਸੁੱਖੀ ਬਾਠ ਜੀ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਕਰੀਬ ਸਾਰੇ ਪੰਜਾਬ ਦੇ ਜ਼ਿਲਿਆਂ ਵਿੱਚ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਲੈ ਕੇ ਉਸ ਨੂੰ ਕਿਤਾਬੀ ਰੂਪ ਦੇ ਕੇ ਹਰ ਜ਼ਿਲ੍ਹੇ ਵਿੱਚ ਕਿਸੇ ਇੱਕ ਜਗ੍ਹਾ ਤੇ ਸਾਹਿਤਕ ਸਮਾਗਮ ਕਰਵਾ ਕੇ ਬੱਚਿਆਂ ਤੋਂ ਓਹ ਕਵਿਤਾਵਾਂ ਸੁਨਣੀਆਂ ਸਨਮਾਨਿਤ ਕਰਨਾ ਅਤੇ ਹੌਸਲੇ ਅਫ਼ਜ਼ਾਈ ਲਈ ਇੱਕ ਟੀ ਵੀ ਚੈਨਲ ਤੇ ਚਲਾਉਣ ਜਿਹੇ ਭਾਵਪੂਰਤ ਪ੍ਰੋਗਰਾਮ ਬੱਚਿਆਂ ਦੀ ਰੁਚੀ ਵਿੱਚ ਵਾਧਾ ਕਰਨ ਦਾ ਯਤਨ ਕਰਦੇ ਹਨ। ਪਿਛਲੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬੱਚਿਆਂ ਦਾ ਇਹ ਪ੍ਰੋਗਰਾਮ ਮਲੋਟ ਵਿਖੇ ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਾਇਆ ਗਿਆ।ਜਿਸ ਨੂੰ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ (ਲੜਕੀਆਂ) ਵਿਖੇ ਨੇਪਰੇ ਚਾੜ੍ਹਿਆ ਗਿਆ। ਆਪਣੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਨ ਨਾਲ ਸੁੱਖੀ ਬਾਠ ਜੀ ਨੇ ਜਿਥੇ ਬੱਚਿਆਂ ਨੂੰ ਕਲਮਾਂ ਚੱਕਣ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਅਤੇ ਆਏ ਹੋਏ ਮਹਿਮਾਨਾਂ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਸੁਚੇਤ ਹੋਣ ਤੇ ਜੋਰ ਦਿੱਤਾ। ਸਭਨਾਂ ਨੇ ਓਹਨਾਂ ਦਾ ਭਾਸ਼ਣ ਸਾਹ ਰੋਕ ਕੇ ਸੁਣਿਆਂ ਅਤੇ ਓਹਨਾਂ ਦੇ ਇਸ ਕਾਰਜ ਲਈ ਪੂਰਨ ਸਹਿਯੋਗ ਦੇਣ ਲਈ ਹਾਮ੍ਹੀ ਵੀ ਭਰੀ।
ਇਸ ਸਾਹਿਤਕ ਸਮਾਗਮ ਵਿੱਚ ਦਾਸ ਦੀ ਪੋਤਰੀ ਸੁਨਿਧੀ ਸ਼ਰਮਾਂ ਨੇ ਵੀ ਆਪਣੀ ਰਚਨਾ ਸਾਂਝੀ ਕੀਤੀ ਜਿਸ ਨੂੰ ਕਿ ਇੱਕ ਨਹੀਂ ਬਲਕਿ ਦੋ ਰਚਨਾਵਾਂ ਨੂੰ ਪੁਸਤਕ ਵਿੱਚ ਜਗ੍ਹਾ ਦਿੱਤੀ ਗਈ ਹੈ।ਬਾਠ ਸਾਹਿਬ ਨੇ ਸਾਰੇ ਆਏ ਹੋਏ ਬੱਚਿਆਂ ਨੂੰ ਆਪਣੇ ਹੱਥੀਂ ਸਨਮਾਨਿਤ ਕੀਤਾ।ਇਸ ਸਮੇਂ ਦਾਸ ਨੂੰ ਵੀ ਸਟੇਜ ਤੋਂ ਹਾਜਰੀ ਲਈ ਸਮਾਂ ਮਿਲਿਆ, ਤੇ ਆਪਣੀਆਂ ਪੁਸਤਕਾਂ ਵੀ ਬਾਠ ਸਾਹਿਬ ਨੂੰ ਭੇਂਟ ਕੀਤੀਆਂ।ਇਸ ਸਮੇਂ ਤੇ ਸਕੂਲ ਪ੍ਰਿੰਸੀਪਲ ਸਾਹਿਬ, ਓਮਕਾਰ ਤੇਜੇ, ਮੈਡਮ ਨਵਜੋਤ ਕੌਰ, ਮੈਡਮ ਪ੍ਰੀਤ ਹੀਰ, ਮੀਡੀਆ ਇੰਚਾਰਜ ਗੁਰਵਿੰਦਰ ਸਿੰਘ,
ਬਲਜੀਤ ਸਿੰਘ, ਸੁਖਦੇਵ ਸਿੰਘ, ਅਜੀਤ ਦੇ ਪੱਤਰਕਾਰ ਅਜਮੇਰ ਸਿੰਘ,ਜੋਧਵੀਰ ਜੋਸਨ, ਹਿੰਮਤ ਸਿੰਘ,ਵਿਜੇ ਗਰਗ,ਸ੍ਰੀ ਮਤੀ ਪਰਮ ਸਿੱਧੂ ਅਤੇ ਸ੍ਰੀ ਮਤੀ ਕਰਮਜੀਤ ਕੌਰ ਅਤੇ ਹੋਰ ਵੀ ਬਹੁਤ ਪਤਵੰਤੇ ਹਾਜਰ ਸਨ। ਸਟੇਜ ਦੀ ਕਾਰਵਾਈ ਛਿੰਦਾ ਕਰਾਈਵਾਲਾ ਜੀ ਵੱਲੋਂ ਬਾਖੂਬੀ ਨਿਭਾਈ ਗਈ। ਸਮੁੱਚੇ ਪ੍ਰੋਜੈਕਟ ਦੀ ਜਾਣਕਾਰੀ ਓਮਕਾਰ ਤੇਜੇ ਜੀ ਵੱਲੋਂ ਸਾਂਝੀ ਕਰਦਿਆਂ ਪੰਜਾਬ ਤੋਂ ਬਾਹਰਲਿਆਂ ਰਾਜਾਂ ਤੋਂ ਵੀ ਬਹੁਤ ਸਾਰੀਆਂ ਕਵਿਤਾਵਾਂ ਮਿਲਣ ਦੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਇਹ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਗਰਾਮ ਜਲਦੀ ਹੀ ਬਹੁਤ ਵੱਡਾ ਪ੍ਰੋਗਰਾਮ ਬਣ ਕੇ ਉਭਰੇਗਾ, ਅਤੇ ਆਈਆਂ ਹੋਈਆਂ ਓਨਾਂ ਰਚਨਾਵਾਂ ਨੂੰ ਵੀ ਕਿਤਾਬੀ ਰੂਪ ਦਿੱਤਾ ਜਾਵੇਗਾ।ਇਹ ਸਾਹਿਤਕ ਸਮਾਗਮ ਆਪਣੀ ਵਿਲੱਖਣ ਪਛਾਣ ਛੱਡਦਾ ਹੋਇਆ ਯਾਦਗਾਰੀ ਸਾਹਿਤਕ ਸਮਾਗਮ ਹੋ ਨਿਬੜਿਆ।