You are here

ਮਿੰਨੀ ਕਹਾਣੀ  ਧਰਮ  

ਸੁਖਮਿੰਦਰ ਸੇਖੋਂ                                 ਚੌਂਕ ਵਿੱਚ ਤਿੰਨ ਆਦਮੀ ਖੜ੍ਹੇ ਸਨ। ਇੱਕ ਸਫੈਦਪੋਸ਼,ਦੂਸਰਾ ਭਲਵਾਨ ਤੇ ਤੀਸਰਾ ਮਰੀਅਲ ਜਿਹਾ ਗ਼ਰੀਬ!               ਸਫੈਦਪੋਸ਼ ਉੱਚੀ-ਉੱਚੀ ਹੱਸਦਾ ਹੈ ਤੇ ਭਲਵਾਨ ਜਿਹਾ ਗ਼ਰੀਬ ਬੰਦੇ ਨੂੰ ਕੁੱਟ-ਮਾਰ ਰਿਹਾ ਹੈ--ਬੋਲ! ਦੁਬਾਰਾ ਸੇਠ ਸਾਬ ਤੋਂ ਪੈਸੇ ਦੀ ਮੰਗ ਕਰੇਂਗਾ?                                                          -ਹਾਂ-ਹਾਂ ਜ਼ਰੂਰ ਕਰਾਂਗਾ। ਮੈਂ ਭੀਖ ਨੀਂ ਮੰਗ ਰਿਹਾ,ਆਪਣੀ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ--ਆਪਣਾ ਹੱਕ ਈ ਤਾਂ ਮੰਗ ਰਿਹੈਂ?     ਭਲਵਾਨ ਜਿੰਨਾ ਉਸ ਮਾੜਕੂ ਜਿਹੇ ਨੂੰ ਕੁੱਟਦਾ ਉਹ ਉਤਨੀ ਹੀ ਆਪਣੀ ਆਵਾਜ਼ ਬੁਲੰਦ ਕਰਦਾ।                                          ਇਹ ਘਟਨਾ-ਕ੍ਰਮ ਚੱਲ ਹੀ ਰਿਹਾ ਸੀ ਕਿ ਉਥੋਂ ਵੱਖੋ-ਵੱਖ ਫਿਰਕਿਆਂ-ਧਰਮਾਂ ਨਾਲ ਸਬੰਧਤ ਵਿਅਕਤੀ ਲੰਘਣ ਲੱਗਦੇ ਹਨ। ਪਹਿਲੇ ਦਾ ਹੱਥ ਆਪਣੀ ਮੁੱਛ 'ਤੇ ਜਾਂਦਾ ਹੈ ਪਰ ਆਪਣੇ ਨਿੱਤਨੇਮ ਵਿੱਚ ਦੇਰੀ ਹੋਣ ਕਰਕੇ ਉਹ ਚਲਾ ਜਾਂਦਾ ਹੈਂ। ਦੂਸਰੇ ਆਦਮੀ ਨੇ ਵੀ ਕੁਝ ਇਵੇਂ ਹੀ ਸੋਚਿਆ ਤੇ ਉਹ ਮਸਜਿਦ ਵੱਲ ਤੇਜ਼ੀ ਨਾਲ ਵੱਧਣ ਲੱਗਾ।                                    ਤੀਸਰਾ ਸ਼ਖ਼ਸ ਵੀ ਰਾਮ-ਰਾਮ ਕਰਦਾ ਘੇਸਲ ਵੱਟ ਗਿਆ। ਚੌਥੇ ਬੰਦੇ ਨੂੰ ਵੀ ਪਰੇਅਰ ਵਿੱਚ ਪਹੁੰਚਣ ਦੀ ਕਾਹਲ ਸੀ।                       ਸਾਰੇ ਫਿਰਕੇ-ਧਰਮਾਂ ਵਾਲੇ ਜਦੋਂ ਆਪੋ-ਆਪਣੇ ਧਰਮ-ਸਥਾਨਾਂ ਤੋਂ ਆਪੋ-ਆਪਣਾ ਧਰਮ ਨਿਭਾ ਕੇ ਵਾਪਸ ਪਰਤੇ ਤਾਂ ਸਾਰਿਆਂ ਦੀ ਜ਼ੁਬਾਨ 'ਤੇ ਇੱਕੋ ਹੀ ਵਾਕ ਸੀ--ਹੈਂ! ਇਹ ਵਿਚਾਰਾ ਤਾਂ ਮਰ ਈ ਗਿਆ!