ਜਦੋਂ ਬਜ਼ੁਰਗ ਮਾਤਾ ਦੇ ਇਆਲੀ ਨੂੰ ਮਿਲਣ ਦੀ ਤਾਂਘ ਦੇ ਜਨੂੰਨ ਨੂੰ ਕਹਿਰ ਦੀ ਗਰਮੀ ਅਤੇ ਬਿਮਾਰੀ ਰੋਕ ਨਾ ਸਕੀ

ਮੁੱਲਾਂਪੁਰ ਦਾਖਾ 27 ਮਈ (ਸਤਵਿੰਦਰ ਸਿੰਘ ਗਿੱਲ) – ਸਿਆਣੇ ਆਖਦੇ ਨੇ ਵੱਡੇ ਬਜ਼ੁਰਗ ਬੋਹੜ ਦੀਆਂ ਛਾਵਾਂ ਵਰਗੇ ਹੁੰਦੇ ਨੇ, ਇਨ੍ਹਾਂ ਦੀ ਛਾਂ ਹੇਠਾਂ ਹਰ ਕੋਈ ਆਨੰਦ ਮਾਣਦਾ ਹੈ, ਅਜਿਹੇ ਹੀ ਕੁੱਝ ਹਲਕਾ ਦਾਖਾ ਦੇ ਪਿੰਡ ਸੂਜਾਪੁਰ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਕੈਨੇਡਾ ਦੇ ਸਾਬਕਾ ਐੱਮ.ਪੀ ਸੁੱਖ ਧਾਲੀਵਾਲ ਦੀ ਸਤਿਕਾਰਯੋਗ ਮਾਤਾ ਜੀ ਆਪਣੀ ਬਿਮਾਰੀ ਦੀ ਪ੍ਰਵਾਹ ਨਾ ਕਰਦਿਆਂ ਗਲੂਕੋਜ਼ ਉਤਾਰ ਕੇ 45-46 ਡਿਗਰੀ ਵਰਗੇ ਤਾਪਮਾਨ ’ਚ ਵੀ ਪਿੰਡ ਦੀ ਸੱਥ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਦੇ ਹੱਕ ਵਿੱਚ ਰੱਖੇ ਚੋਣ ਜਲਸੇ ਦੌਰਾਨ ਸੰਬੋਧਨ ਕਰਨ ਆਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਅਸ਼ੀਰਵਾਦ ਦੇਣ ਪੁੱਜੀ। ਉਨ੍ਹਾਂ ਦੇ ਨਾਲ ਰਣਜੀਤ ਸਿੰਘ ਢਿੱਲੋਂ ਸਮੇਤ ਹੋਰ ਵੀ ਅਕਾਲੀ ਦਲ ਦੇ ਆਗੂ ਤੇ ਵਰਕਰ ਵੱਡੀ ਤਾਦਾਦ ਵਿੱਚ ਹਾਜਰ ਸਨ।
           ਵਿਧਾਇਕ ਇਆਲੀ ਨੇ ਅਜੇ ਮਾਤਾ ਜੀ ਨੂੰ ਅਜਿਹੀ ਗਰਮੀ ਵਿੱਚ ਨਾ ਆਉਣ ਦੀ ਸਲਾਹ ਦਿੰਦਿਆ ਸ਼ਬਦ ਹੀ ਮੂੰਹੋਂ ਕੱਢੇ ਸਨ ਤਾਂ ਅੱਗਿਓ ਮਾਤਾ ਜੀ ਨੇ ਕਿਹਾ ਕਿ ‘ਪੁੱਤ ਨੂੰ ਦੇਖੇ ਬਿਨ੍ਹਾਂ ਮਾਂ, ਕਿਵੇਂ ਰਹਿ ਸਕਦੀ ਏ’ ਮਾਤਾ ਜੀ ਦੇ ਮੂੰਹੋਂ ਇਹ ਅਲਫ਼ਾਜ ਸੁਣ ਹਰ ਕੋਈ ਮਾਤਾ ਜੀ ਦੀ ਮਮਤਾ ਦੀ ਸ਼ਲਾਘਾ ਕਰਦਿਆਂ ਕਹਿ ਰਿਹਾ ਸੀ ਕਿ ਮਾਂ ਦੇ ਪਿਆਰ ਅੱਗੇ ਤਪਦੀ ਲੂੰ ਅਤੇ ਸਿਖਰ ਦੁਪਹਿਰ ਵੀ ਫਿੱਕੀ ਪੈ ਗਈ।
            ਜਿਕਰਯੋਗ ਹੈ ਕਿ ਸੂਬੇ ਅੰਦਰ 01 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਵਿਧਾਇਕ ਇਆਲੀ ਅਤੇ ਰਣਜੀਤ ਸਿੰਘ ਢਿੱਲੋਂ ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ਅੰਦਰ ਚੋਣ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਸਨ, ਜਦ ਉਹ ਪਿੰਡ ਸੂਜਾਪੁਰ ਪੁੱਜੇ ਤਾਂ ਕੈਨੇਡਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਦੀ ਮਾਤਾ ਜੀ ਗਲੂਕੋਜ਼ ਦੀ ਬੋਤਲ ਉਤਾਰ ਕੇ  ਸਿੱਧਾ ਚੋਣ ਜਲਸੇ ਵਿੱਚ ਪੁੱਜੀ। ਜਿਨ੍ਹਾਂ ਨੇ ਵਿਧਾਇਕ ਇਆਲੀ ਨੂੰ ਅਸ਼ੀਰਵਾਦ ਦਿੱਤਾ।