ਮਹਾਂਪੁਰਸ਼ਾਂ ਵੱਲੋਂ 30 ਮਾਰਚ ਨੂੰ ਮੀਰੀ ਪੀਰੀ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
ਲੁਧਿਆਣਾ 24 ਮਾਰਚ ( ਕਰਨੈਲ ਸਿੰਘ ਐੱਮ.ਏ. )- ਸਿੱਖ ਸਮਾਜ ਦੀ ਮਾਇਨਾਜ਼ ਸ਼ਖਸ਼ੀਅਤ ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਵਕਤ ਦੀਆਂ ਮੁਸ਼ਕਲਾਂ ਤੇ ਭਵਿੱਖ ਦੀਆਂ ਚਣੌਤੀਆਂ ਨੂੰ ਸਮਝਦਿਆਂ ਸਿਰਜੀ "ਜਵੱਦੀ ਟਕਸਾਲ" ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ। ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤੇ ਅਤੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਤ ਬਾਬਾ ਸੁਚਾ ਸਿੰਘ ਜੀ ਅਨਿੰਨ ਸੇਵਕ ਭਾਈ ਜਸਬੀਰ ਸਿੰਘ ਰਣੀਆਂ ਜੀ ਜਿਹੜੇ ਪਿਛਲੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਜਿਨ੍ਹਾਂ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਬਾਣੀ ਬਾਣੇ ਤੇ ਮਹਾਂਪੁਰਖਾਂ ਦੀ ਸੰਗਤ ਕਰਕੇ ਜੀਵਨ ਨੂੰ ਸਫਲਾ ਬਣਾਇਆਂ ਤਿੰਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਪਰਮਾਤਮਾ ਦਾ ਨਾਮ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ। ਬਾਬਾ ਜੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਚਿਤ ਗੁਰਮਤਿ ਸਿਧਾਂਤਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਗੁਰਬਾਣੀ ਸ਼ਬਦ ਅਤੇ ਗੁਰ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਦੇ ਹਵਾਲਿਆਂ ਨਾਲ ਜੁੜ੍ਹੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਉਤਰਦਿਆਂ ਫ਼ੁਰਮਾਇਆ ਕਿ ਦਵਾਈਆਂ ਤੇ ਕਿਤਾਬਾਂ ਬੈਦਗੀ ਦੀਆਂ ਭਾਵੇਂ ਕਿਨ੍ਹੀਆਂ ਵੀ ਲਿਖ ਦੇਵੋ, ਪੜ੍ਹ ਲਵੋ, ਸੁਣਾ ਦੇਵੋ, ਪਰ ਡਾਕਟਰ/ਵੈਦ ਬਿਨ੍ਹਾਂ ਰੋਗੀ ਦਾ ਰੋਗ ਦੂਰ ਕਰਨਾ ਅਸੰਭਵ ਹੀ ਰਹਿੰਦਾ ਹੈ। ਇਸ ਤਰ੍ਹਾਂ ਉਨ੍ਹਾਂ ਸਤਿਸੰਗਤ ਦਾ ਮਹੱਤਵ ਅਤੇ ਪ੍ਰਾਪਤੀ ਵਿਸ਼ੇ ਤੇ ਵਿਸਥਾਰ ਨਾਲ ਸਮਝਾਉਂਦਿਆਂ ਸਵਾਸਾਂ ਦੀ ਸਦ ਵਰਤੋਂ ਕਰਨ ਤੇ ਜ਼ੋਰ ਦਿੱਤਾ। ਸਮਾਗਮ ਦੇ ਅੰਤ 'ਚ ਮਹਾਂਪੁਰਸ਼ਾਂ ਨੇ ਜਵੱਦੀ ਟਕਸਾਲ ਵੱਲੋਂ ਕਰਵਾਏ ਜਾ ਰਹੇ “ਮੀਰੀ ਪੀਰੀ” ਸੈਮੀਨਾਰ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂਕਾਲ ਮੌਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਲੋਕ ਮਨਾਂ ਤੇ ਗਹਿਰਾ ਪ੍ਰਭਾਵ ਸੀ, ਅਜੋਕੇ ਵਕਤ ਦੀਆਂ ਪ੍ਰਸਥਿਤੀਆਂ ਵਿੱਚ ਵੀ ਸਤਿਕਾਰ-ਸਵੈਮਾਣ ਦੀ ਭਾਵਨਾ ਦੀ ਕਾਇਮੀ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਮੀਰੀ-ਪੀਰੀ ਦੇ ਸੁਮੇਲ ਨੂੰ ਪ੍ਰਤੱਖ ਪ੍ਰਗਟ ਲਈ ਆਉਂਦੀ 30 ਮਾਰਚ ਨੂੰ ਦਿਨ ਦੇ ਸ਼ਨੀਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਮਹਾਂਪੁਰਸ਼ਾਂ ਨੇ ਸਭਨਾਂ ਨੂੰ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।