ਲੁਧਿਆਣਾ 15 ਮਾਰਚ (ਕਰਨੈਲ ਸਿੰਘ ਐੱਮ.ਏ)— ਅੱਜ ਮਿਤੀ 15-03-2024 ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ), ਅੰਮ੍ਰਿਤਸਰ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਇਨਰਵੀਲ ਕਲੱਬ ਆਫ਼ ਅੰਮ੍ਰਿਤਸਰ ਪੋਰ ਅਤੇ ਇਨਰਵੀਲ ਕਲੱਬ ਬਟਾਲਾ ਵੱਲੋਂ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੂੂੰ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਰਨ ਮਾਰਗਰੈਟਗੋਲਡਿੰਗ (ਐਮ.ਡੀ.) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਤਿੰਦਰ ਕੌਰ ਨਿੱਜਰ ਅਤੇ ਉਹਨਾਂ ਦੇ ਕਲੱਬ ਮੈਂਬਰਾਂ ਨੇ ਕਿਹਾ ਕਿ ਉਹ ਡਾ. ਇੰਦਰਜੀਤ ਕੌਰ ਨੂੰ ਇਹ ਸਨਮਾਨ ਸੌਂਪ ਕੇ ਬੜਾ ਮਾਨ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪਿੰਗਲਵਾੜਾ ਸੰਸਥਾਂ ਜੋ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਇਹ ਬੇਮਿਸਾਲ ਹੈ। ਉਹਨਾਂ ਦੱਸਿਆ ਕਿ ਅੱਜ ਆਏ ਹੋਏ ਸਾਰੇ ਮੈਂਬਰਾਂ ਨੇ ਮਾਨਾਂਵਾਲਾ ਬ੍ਰਾਂਚ ਦੀਆਂ ਵੱਖ-ਵੱਖ ਵਾਰਡਾਂ, ਵਿਭਾਗਾਂ ਨੂੰ ਕੋਲੋਂ ਜਾ ਕੇ ਦੇਖਿਆ ਹੈ ਅਤੇ ਉਹ ਸੰਸਥਾ ਵੱਲੋਂ ਸੁਚੱਜੇ ਢੰਗ ਨਾਲ ਚਲਾਏ ਜਾ ਰਹੇ ਕੰਮਾਂ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੋਏ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਲੱਬ 100 ਤੋਂ ਵੱਧ ਦੇਸ਼ਾਂ ਵਿੱਚ ਕਰੀਬ ਡੇਢ ਲੱਖ ਮੈਂਬਰਾਂ ਨਾਲ ਚੱਲ ਰਿਹਾ ਹੈ। ਇਸ ਮੌਕੇ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਜੀ ਕਲੱਬ ਦੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ । ਇਸ ਸਨਮਾਨ ਸਮਾਰੋਹ ਦੌਰਾਨ ਭਗਤ ਪੂਰਨ ਸਿੰਘ ਸਕੂਲ ਫ਼ਾਰ ਦੀ ਡੈੱਫ ਅਤੇ ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਦੇ ਅੰਤਰ ਰਾਸ਼ਟਰੀ ਪੱਧਰ ਤੇ ਜੇਤੂ ਖਿਡਾਰੀਆਂ ਨੂੰ ਵੀ ਕਲੱਬ ਵੱਲੋਂ ਇਨਾਮ ਦਿੱਤੇ ਗਏ।