You are here

ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ 

ਸ੍ਰੀ ਹਰਿਮੰਦਰ ਸਾਹਿਬ ਬਹੁਤ ਪਵਿੱਤਰ ਅਸਥਾਨ ਹੈ, ਆਓ ਇੱਥੇ ਆ ਕੇ ਅਸੀਂ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰੀਏ -ਆਰਕ ਬਿਸ਼ਪ

 

ਅੰਮਿ੍ਤਸਰ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-

 

ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਆਪਣੀ ਪਤਨੀ ਕੈਲੋਰੀਨ ਵੈਲਬੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਉਨ੍ਹਾਂ ਨਾਲ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਵੀ ਮੌਜੂਦ ਸਨ | ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਵੇਂ ਧਾਰਮਿਕ ਆਗੂਆਂ 'ਚ ਕੁਝ ਸਮਾਂ ਧਾਰਮਿਕ ਅਤੇ ਮਨੁੱਖਤਾ ਦੀ ਸੇਵਾ ਮਿਲ ਕੇ ਕਰਨ ਸਬੰਧੀ ਵਿਚਾਰ-ਵਟਾਂਦਰਾ ਹੋਇਆ | ਇਸ ਮੌਕੇ ਆਰਕ ਬਿਸ਼ਪ ਜਸਟਿਨ ਪੋਰਟਨ ਵੈਲਬੇ ਨੂੰ ਗਿਆਨੀ ਹਰਪ੍ਰੀਤ ਸਿੰਘ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਸਿਰੋਪਾਓ, ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ | ਆਰਕ ਬਿਸ਼ਪ ਜਸਟਿਨ ਪੋਰਟਨ ਵੈਲਬੇ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਰਵਾਏ ਜਾਣ ਵਾਲੇ ਮੁੱਖ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਵੀ ਸਵੀਕਾਰ ਕੀਤਾ | ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਬਹੁਤ ਪਵਿੱਤਰ ਅਸਥਾਨ ਹੈ, ਆਓ ਇੱਥੇ ਆ ਕੇ ਅਸੀਂ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰੀਏ | ਉਨ੍ਹਾਂ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹ ਸ਼ਾਂਤੀ ਦਾ ਮਸੀਹਾ ਬਣ ਕੇ ਆਏ ਹਨ ਅਤੇ ਉਨ੍ਹਾਂ ਦਾ ਪ੍ਰਮਾਤਮਾ ਨਾਲ ਮੇਲ ਹੋ ਗਿਆ ਹੋਵੇ | ਪੱਤਰਕਾਰਾਂ ਵਲੋਂ ਨਫ਼ਰਤੀ ਹਮਲਿਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਜਿਸ ਵੀ ਸਥਾਨ 'ਤੇ ਅਜਿਹੀ ਹਿੰਸਾ ਹੰੁਦੀ ਹੈ ਉਸ ਨੂੰ ਉੱਥੇ ਹੀ ਰੋਕਣਾ ਚਾਹੀਦਾ ਹੈ ਅਤੇ ਇਸ ਲਈ ਉੱਥੋਂ ਦੇ ਲੋਕਾਂ ਨੂੰ ਇਸ ਿਖ਼ਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ | ਇਸ ਮੌਕੇ ਬਿਸ਼ਪ ਸਮੰਤਾ ਰਾਏ, ਡਾ. ਪਰਮਜੀਤ ਸਿੰਘ ਸਰੋਆ, ਬਲਵਿੰਦਰ ਸਿੰਘ ਕਾਹਲਵਾਂ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਅੰਮਿ੍ਤਪਾਲ ਸਿੰਘ, ਹਰਿੰਦਰ ਸਿੰਘ ਰੋਮੀ ਆਦਿ ਮੌਜੂਦ ਸਨ |