ਨਹੀਂ ਰਿਹਾ ਨਿਧੱੜਕ ਪੱਤਰਕਾਰ ਪ੍ਰੀਤ ਸੈਣੀ 

ਲੁਧਿਆਣਾ, 05 ਮਾਰਚ (ਬਲਬੀਰ ਸਿੰਘ ਬੱਬੀ )ਇਹ ਖਬਰ ਬੜੇ ਹੀ ਦੁੱਖ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਪੱਤਰਕਾਰੀ ਵਿੱਚ ਸੋਸ਼ਲ ਮੀਡੀਆ ਤੇ ਵੀਡੀਓਜ਼ ਰਾਹੀਂ ਅਹਿਮ ਸਥਾਨ ਬਣਾਉਣ ਵਾਲੇ ਨਿਡਰ ਨਿੱਧੜਕ ਦਲੇਰ ਪੱਤਰਕਾਰ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਹੀ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਉਹ ਪਟਿਆਲਾ ਵਿੱਚ ਰਹਿ ਰਹੇ ਸਨ ਤੇ ਉਨਾਂ ਦੇ ਸਹੁਰਾ ਪਰਿਵਾਰ ਦਾ ਘਰ ਵੀ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਹੈ। ਆਪਣੇ ਸਹੁਰਾ ਸਾਬ ਨਾਲ ਸੈਣੀ ਨੇ ਗੱਲਬਾਤ ਕੀਤੀ ਆਪਣੀ ਤਬੀਅਤ ਵਿਗੜਨ ਬਾਰੇ ਦੱਸਿਆ ਜਦੋਂ ਉਹ ਪ੍ਰੀਤ ਸੈਣੀ ਕੋਲ ਪੁੱਜੇ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ ਕਿਉਂਕਿ ਤਿੰਨ ਚਾਰ ਦਿਨ ਪਹਿਲਾਂ ਹੀ ਉਸ ਨੂੰ ਬੁਖਾਰ ਜੁਕਾਮ ਆਦਿ ਹੋਇਆ ਸੀ। ਉਥੋਂ ਉਸ ਨੂੰ ਪਟਿਆਲਾ ਦੇ ਪ੍ਰਸਿੱਧ ਕੋਲੰਬੀਆ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਇਹ ਕਿਹਾ ਕਿ ਇਹ ਮੌਤ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਹੈ। ਉਸ ਤੋਂ ਬਾਅਦ ਉਨਾਂ ਦੇ ਮ੍ਰਿਤਕ ਸਰੀਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ ਕਿਉਂਕਿ ਉਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਹਨ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਸਕਾਰ ਹੋਵੇਗਾ।
     ਇਸ ਤਰ੍ਹਾਂ ਸ਼ੱਕੀ ਜਿਹੇ ਹਾਲਾਤਾਂ ਵਿੱਚ ਹੋਈ ਮੌਤ ਦੇ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ। ਸੁਣਨ ਵਿੱਚ ਇਹ ਵੀ ਆਇਆ ਸੀ ਕਿ ਉਨਾਂ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ ਪਰ ਨਹੀਂ ਉਹ ਬਿਮਾਰ ਸਨ ਤੇ ਆਪਣੇ ਘਰ ਵਿੱਚ ਇਕੱਲੇ ਹੀ ਸਨ।
    ਪ੍ਰੀਤ ਸੈਣੀ ਛੋਟੀ ਉਮਰ ਵਿੱਚ ਹੀ ਪੱਤਰਕਾਰੀ ਦੇ ਖੇਤਰ ਵਿੱਚ ਅਹਿਮ ਤੇ ਵੱਡੀਆਂ ਗੱਲਾਂ ਬਾਤਾਂ ਕਰਕੇ ਇਸ ਸੰਸਾਰ ਤੋਂ ਤੁਰ ਗਏ। ਉਨਾਂ ਖਾਸ ਤੌਰ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋ ਰਹੀਆਂ ਬੇਨਿਯਮੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਅੱਗੇ ਲਿਆਂਦਾ ਤੇ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦੇ ਰਹੇ। ਇਹਨਾਂ ਕਾਰਨਾਂ ਕਰਕੇ ਪ੍ਰੀਤ ਸੈਣੀ ਉੱਪਰ ਸ਼੍ਰੋਮਣੀ ਕਮੇਟੀ ਵੱਲੋਂ ਕਈ ਕੇਸ ਵੀ ਦਰਜ ਕਰਾਏ ਤੇ ਉਹਨਾਂ ਨੂੰ ਰੂਪੋਸ਼ ਵੀ ਰਹਿਣਾ ਪਿਆ। ਜਮਾਨਤ ਮਿਲਣ ਤੋਂ ਬਾਅਦ ਉਹ ਫਿਰ ਸਾਹਮਣੇ ਆਏ ਨਿੱਧੜਕ ਹੋ ਕੇ ਪੋਸਟਾਂ ਪਾਉਣੀਆਂ ਜਾਰੀ ਰੱਖੀਆਂ। ਪ੍ਰੀਤ ਸੈਣੀ ਦੇ ਇਸ ਵਿਛੋੜੇ ਨਾਲ ਪਰਿਵਾਰ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਵਿੱਚ ਹੀ ਨਹੀਂ ਸਗੋਂ ਇਨਸਾਫ ਪਸੰਦ ਤੇ ਚੰਗੀ ਸੋਚ ਵਾਲੇ ਲੋਕਾਂ ਵਿੱਚ ਵੀ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ।